ਅਮਰਗੜ੍ਹ /ਮਾਲੇਰਕੋਟਲਾ, 21 September 2025 Aj Di Awaaj
Punjab Desk: ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀਆਂ ਹਦਾਇਤਾ ਤੇ ਪਰਾਲੀ ਸਾੜਨ ਰੋਕੂ ਮੁਹਿੰਮ ਨੂੰ ਜ਼ਮੀਨ ਪੱਧਬ ਤੱਕ ਲੈ ਕੇ ਜਾਣ ਲਈ ਅਧਿਕਾਰੀ ਖੁਦ ਖੇਤਾਂ ਤੱਕ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਗਰੂਕ ਕਰ ਰਹੇ ਹਨ ਇਸੇ ਕੜੀ ਤਹਿਤ ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਅਮਰਗੜ੍ਹ ਸਬ ਡਵੀਜਨ ਦੇ ਪਿੰਡ ਮੋਹਾਲੀ,ਮੁਹਾਲੀ,ਭਾਟੀਆ ਕਲਾ,ਭਾਟੀਆ ਖੁਰਦ,ਤੋਗਹੇੜੀ,ਭੜੀ ਮਾਨਸਾ,ਛੱਤਰੀਵਾਲ ਅਤੇ ਰਾਮਪੁਰ ਭਿੰਡਰਾ ਆਦਿ ਦਾ ਦੌਰਾ ਕਰਕੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ ਵੀ ਮੌਜੂਦ ਸਨ ।
ਇਸ ਮੌਕੇ ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਨੇ ਪਿੰਡ ਮੁਹਾਲੀ ਵਿਖੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨ ਦੇ ਖੇਤ ਵਿੱਚ ਜਾ ਕੇ ਉਸ ਦੀ ਭਰਭੂਰ ਸ਼ਲਾਂਘਾ ਵੀ ਕੀਤੀ ਅਤੇ ਕਿਹਾ ਕਿ, “ਇਹੋ ਜਿਹੇ ਕਿਸਾਨ ਸਾਡੇ ਲਈ ਰੋਲ ਮਾਡਲ ਹਨ। ਉਨ੍ਹਾਂ ਨੇ ਨਾ ਸਿਰਫ ਵਾਤਾਵਰਣ ਦੀ ਸੰਭਾਲ ਕੀਤੀ ਹੈ, ਸਗੋਂ ਆਉਣ ਵਾਲੀਆਂ ਪੀੜੀਆਂ ਲਈ ਵੀ ਇੱਕ ਚੰਗਾ ਸੁਨੇਹਾ ਦਿੱਤਾ ਹੈ। ਸਾਨੂੰ ਅਜਿਹੇ ਕਿਸਾਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।”
ਐਸ.ਡੀ.ਐਮ. ਨੇ ਪਿੰਡਾਂ ਦਾ ਜਾਗਰੂਕਤਾ ਦੌਰਾ ਕਰਦਿਆਂ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਾਤਾਵਰਣ-ਅਨੁਕੂਲ ਤਰੀਕਿਆਂ ਨਾਲ ਪਰਾਲੀ ਪ੍ਰਬੰਧਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਇ ਇਨਸੀਟੂ ਤਕਨੀਕਾਂ (ਖੇਤਾਂ ਵਿੱਚ ਹੀ ਮਿਲਾਉਣਾ) ਜਾਂ ਐਕਸ ਸੀਟੂ ਤਰੀਕਿਆਂ (ਬੇਲਰਾਂ ਰਾਹੀਂ ਇਕੱਠਾ ਕਰਵਾਉਣਾ) ਨੂੰ ਅਪਣਾਉਣ ।
ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ ਨੇ ਇਸ ਦੌਰਾਨ ਕਿਹਾ ਕਿ, “ਕਿਸਾਨ ਭਾਈਚਾਰਾ ਸਰਕਾਰ ਦੀਆਂ ਹਦਾਇਤਾਂ ਨਾਲ ਸਹਿਯੋਗ ਕਰਦਾ ਹੋਇਆ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੀ ਰਾਖੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਇਹ ਕੇਵਲ ਕਾਨੂੰਨੀ ਫ਼ਰਜ਼ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ।”
ਇਸ ਮੌਕੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ, ਤਾਂ ਜੋ ਮੰਡੀਆਂ ਵਿੱਚ ਕਿਸੇ ਕਿਸਮ ਦੀ ਖੱਜਲ-ਖੁਆਰੀ ਨਾ ਹੋਵੇ। ਇਸ ਦੇ ਨਾਲ ਹੀ ਕੰਬਾਇਨ ਮਾਲਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਉਹ ਸਿਰਫ਼ ਐਸ.ਐਮ.ਐਸ ਗਠਿਤ ਕੰਬਾਇਨਾਂ ਦਾ ਹੀ ਇਸਤੇਮਾਲ ਕਰਨ ਅਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਟਾਈ ਕਰਨ। ਨਿਰਧਾਰਤ ਸਮੇਂ ਤੋਂ ਬਾਹਰ ਕੰਬਾਇਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।














