ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਪੰਜਾਬ ਰਾਜ ਵਿੱਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇਅ–ਵੇ ਸਕੂਲਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਰਜਿਸਟਰਡ ਕਰਨ ਦੀ ਕਾਰਵਾਈ ਲਈ ਪਿੱਛਲੇ ਦਿਨੀ ਵਿਭਾਗ ਰਾਹੀਂ ਜਾਰੀ ਕੀਤੀਆਂ ਹਦਾਇਤਾਂ ਨੂੰ ਲਾਗੂ ਕਰਨ ਹਿੱਤ ਬਣਦੇ ਕਦਮ ਚੁੱਕੇ ਜਾ ਰਹੇ ਹਨ l ਜਿਸ ਅਧੀਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਦਫ਼ਤਰ ਜਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਰਾਹੀਂ ਜ਼ਿਲ੍ਹੇ ਦੇ ਅੱਠ ਬਲਾਕਾਂ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਆਪਣੇ ਸੰਬੰਧਤ ਬਲਾਕਾਂ ਅਧੀਨ ਪੈਂਦੇ ਇਹਨਾਂ ਪ੍ਰਾਈਵੇਟ ਪਲੇ–ਸਕੂਲਜ਼ ਨੂੰ ਇਸ ਬਾਰੇ ਸਮੇਂ ਸਿਰ ਸੂਚਨਾ ਦੇਣ ਅਤੇ ਬਣਦੀ ਲਾਜ਼ਮੀ ਰਜਿਸਟਰੇਸ਼ਨ ਲਈ ਬਣਦੇ ਉਪਰਾਲੇ ਕਰਨ ਲਈ ਲਿੱਖ ਦਿੱਤਾ ਗਿਆ ਸੀ l ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਹੁਣ ਤੋਂ ਨਵੇਂ ਖੁਲਣ ਵਾਲੇ ਪਲੇ–ਸਕੂਲ ਵਿਭਾਗ ਅਧੀਨ ਰੇਜਿਸਟ੍ਰੇਸ਼ਨ ਕਰਵਾਉਣ ਉਪਰੰਤ ਹੀ ਹੋਂਦ ਵਿੱਚ ਆਉਣਗੇ ਅਤੇ ਪੁਰਾਣੇ ਚਲਦੇ ਹੋਏ ਵੀ ਰਜਿਸਟਰ ਹੋਣਾ ਜ਼ਰੂਰੀ ਹੈ l ਇਸ ਨਾਲ ਸਰਕਾਰ ਕੋਲ ਬੱਚਿਆਂ ਦੇ ਸਾਰੇ ਵੇਰਵੇ ਹੋਣਗੇ। ਜਿਲ੍ਹਾ ਤਰਨਤਾਰਨ ਦੇ ਸਾਰੇ ਨਿੱਜੀ ਪਲੇਅ–ਵੇ ਸਕੂਲ ਜਿਨ੍ਹਾਂ ਵਿੱਚ 3-6 ਸਾਲ ਦੇ ਬੱਚੇ ਦਾਖ਼ਲ ਕੀਤੇ ਜਾਂਦੇ ਹਨ ਉਹਨਾਂ ਸਕੂਲਾਂ ਰਾਹੀਂ ਨਵੀ ਰਜਿਸਟਰੇਸ਼ਨ ਅਤੇ ਪੁਰਾਣੀ ਰਜਿਸਟਰੇਸ਼ਨ ਨੂੰ ਰਿਨਿਊ ਵੀ ਕਰਵਾਇਆ ਜਾਵੇਗਾ l ਜਿਸ ਸੰਬੰਧੀ ਵਿਸਥਾਰ ਵਿੱਚ ਨਿਯਮ ਅਤੇ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ ਜਿਵੇ ਕਿ ਪਲੇਅ–ਸਕੂਲ ਦੀ ਬਿਲਡਿੰਗ ਦੀ ਸਫੇਟੀ ਅਧਿਆਪਕਾਂ ਅਤੇ ਬੱਚਿਆਂ ਦੀ ਗਿਣਤੀ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾ ਸਕਣਗੇ ਅਤੇ ਉਸ ਦੇ ਨਾਲ ਇੱਕ ਕੇਅਰਟੇਕਰ ਵੀ ਹੋਵੇਗਾ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਨਾ ਹੋਵੇ।
ਸਕੂਲ ਅੰਦਰਲੀ ਬਣਤਰ, ਰੈਸਟ ਰੂਮ ਦੀ ਵਿਵਸਥਾ, ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨੇ,ਸਾਰੇ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਹਨ।ਪਲੇਅ–ਵੇ ਵਿੱਚ ਬੱਚਿਆਂ ਨੂੰ ਖੇਡਾਂ ਰਾਹੀਂ ਸਿਖਾਇਆ ਜਾਣਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਡਰਾਉਣ ਜਾ ਧਮਕਾਉਣ ਤੇ ਪਾਬੰਦੀ ਹੈ । ਬੱਚਿਆਂ ਤੇ ਕੰਮ ਦਾ ਕੋਈ ਬੋਝ ਨਹੀਂ ਹੋਵੇਗਾ l ਪਲੇਅ–ਵੇ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਹੋਵੇਗਾ। ਹਰ ਮਹੀਨੇ ਬੱਚੇ ਦੀ ਸਿਹਤ ਜਾਂਚ ਹੋਵੇਗੀ ਅਤੇ ਇਸ ਦਾ ਸਕੂਲ ਬੱਚੇ ਦੇ ਟੀਕਾਕਰਨ ਦਾ ਰਿਕਾਰਡ ਰੱਖੇਗਾ। ਬੱਚਿਆਂ ਦੀ ਸੁਰੱਖਿਆ ਲਈ ਫਾਇਰ ਸੇਫਟੀ, ਸਿਹਤ ਸਹੂਲਤਾਂ ਸਭ ਦੀ ਜਾਂਚ ਕੀਤੀ ਜਾਵੇਗੀ। ਸਕੂਲ ਵਿੱਚ ਫੀਸਾਂ ਕਿਵੇਂ ਲਈਆਂ ਜਾਣਗੀਆਂ ਇਸ ਬਾਰੇ ਦਿਸ਼ਾ–ਨਿਰਦੇਸ਼ ਹੋਣਗੇ। ਦਾਖਲੇ ਦੇ ਸਮੇਂ ਬੱਚੇ ਦਾ ਕੋਈ ਸਕ੍ਰੀਨਿੰਗ ਟੈਸਟ ਅਤੇ ਮਾਪਿਆਂ ਦੀ ਇੰਟਰਵਿਊ ਨਹੀਂ ਹੋਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਹਦਾਇਤਾਂ ਜਾਰੀ ਹੋਣ ਤੋਂ ਇੱਕ ਮਹੀਨੇ ਵਿੱਚ ਹੋਣੀ ਜ਼ਰੂਰੀ ਰੱਖੀ ਗਈ ਹੈ ਸੋਂ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਪਲੇ–ਸਕੂਲ ਜ਼ਿਲ੍ਹੇ ਅਤੇ ਬਲਾਕਾਂ ਅਧੀਨ ਪੈਂਦੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਫ਼ਤਰ ਨਾਲ ਤੁਰੰਤ ਸੰਪਰਕ ਕਰਦੇ ਹੋਏ ਆਪਣੀ ਰਜਿਸਟਰੇਸ਼ਨ ਮੁਕੰਮਲ ਕਰਵਾਉਣ ਤਾਂ ਜੋ ਹੁਣ ਤੋਂ ਇਹਨਾਂ ਸਕੂਲਜ਼ ਨੂੰ ਕਿਸੇ ਤਰ੍ਹਾਂ ਦੀ ਦਿਕੱਤ ਪੇਸ਼ ਨਾ ਆਵੇ l ਇਸ ਲਈ ਇੱਕ ਮਹੀਨੇ ਦਾ ਸਮਾਂ ਚੱਲ ਰਿਹਾ ਹੈ ਜਿਸ ਅਧੀਨ ਹੀ ਹਰ ਪਲੇਅ–ਵੇ ਸਕੂਲ ਰਜਿਸਟਰੇਸ਼ਨ ਕਰਵਾਉਣ ਲਈ ਖੁਦ ਜਿੰਮੇਵਾਰ ਹੈ l
