ਸੰਗਰੂਰ, 15 ਦਸੰਬਰ 2025 AJ DI Awaaj
Punjab Desk : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰ ਨਿਰਧਾਰਤ ਕਰ ਦਿੱਤੇ ਗਏ ਹਨ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਜਿਸ ਲਈ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ, ਸੰਗਰੂਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਬਲਾਕ ਅਨੰਦਾਨਾ ਐਟ ਮੂਣਕ ਦੀ ਗਿਣਤੀ ਸਰਕਾਰੀ ਆਈ ਟੀ ਆਈ ਲੜਕੀਆਂ ਮੂਣਕ ਵਿਖੇ ਹੋਵੇਗੀ, ਇਸੇ ਤਰ੍ਹਾਂ ਭਵਾਨੀਗੜ੍ਹ ਦੀ ਗਿਣਤੀ ਯੋਗਾ ਹਾਲ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ, ਛਾਜਲੀ ਦੀ ਗਿਣਤੀ ਸਕੂਲ ਆਫ਼ ਐਮੀਨੇਂਸ ਬਾਕਸਿੰਗ ਹਾਲ ਵਿਖੇ, ਧੂਰੀ ਦੀ ਗਿਣਤੀ ਲਾਇਬ੍ਰੇਰੀ ਹਾਲ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ, ਦਿੜ੍ਹਬਾ ਦੀ ਗਿਣਤੀ ਕਾਮਰੇਡ ਭੀਮ ਸਿੰਘ ਸਕੂਲ ਆਫ਼ ਐਮੀਨੇਂਸ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ, ਲਹਿਰਾਗਾਗਾ ਦੀ ਗਿਣਤੀ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ, ਸੰਗਰੂਰ ਦੀ ਗਿਣਤੀ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ, ਸ਼ੇਰਪੁਰ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ, ਸੁਨਾਮ ਊਧਮ ਸਿੰਘ ਵਾਲਾ ਦੀ ਗਿਣਤੀ ਸ਼ਹੀਦ ਊਧਮ ਸਿੰਘ ਸਰਕਾਰੀ ਆਈ ਟੀ ਆਈ ਸੁਨਾਮ ਊਧਮ ਸਿੰਘ ਵਾਲਾ ਵਿਖੇ ਅਤੇ ਸੁਨਾਮ ਊਧਮ ਸਿੰਘ ਵਾਲਾ-2 ਦੀ ਗਿਣਤੀ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋਵੇਗੀ।
ਉਹਨਾਂ ਕਿਹਾ ਕਿ ਹਰੇਕ ਰਿਟਰਨਿੰਗ ਅਫ਼ਸਰ ਨੂੰ ਗਿਣਤੀ ਲਈ ਪ੍ਰਤੀ ਟੇਬਲ ਤਿੰਨ ਸਟਾਫ ਮੈਂਬਰ ਦਿੱਤੇ ਗਏ ਹਨ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੇ ਪੱਧਰ ਉੱਤੇ ਲੋੜੀਂਦੀ ਗਿਣਤੀ ਵਿੱਚ ਸਟਾਫ ਨੂੰ ਰਿਜ਼ਰਵ ਵੀ ਰੱਖਿਆ ਗਿਆ ਹੈ। ਇਸ ਤਰ੍ਹਾਂ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਪਈਆਂ ਵੋਟਾਂ ਨੂੰ ਗਿਣਨ ਲਈ 572 ਗਿਣਤੀ ਸਟਾਫ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 40 ਫੀਸਦੀ ਵਾਧੂ ਸਟਾਫ਼ ਮੁਹਈਆ ਕਰਵਾਇਆ ਗਿਆ ਹੈ। ਇਸ ਤਰ੍ਹਾਂ ਗਿਣਤੀ ਲਈ ਕੁੱਲ 798 ਕਰਮਚਾਰੀ ਲਗਾਏ ਗਏ ਹਨ।
ਜ਼ਿਲ੍ਹਾ ਪੁਲਿਸ ਮੁਖੀ ਸ੍ਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਜਿਸ ਤਰ੍ਹਾਂ ਵੋਟਿੰਗ ਵਾਲੇ ਦਿਨ ਪੂਰੀ ਚੌਕਸੀ ਰੱਖੀ ਗਈ ਸੀ ਉਸੇ ਤਰ੍ਹਾਂ ਗਿਣਤੀ ਵਾਲੇ ਦਿਨ ਵੀ ਹਰ ਤਰ੍ਹਾਂ ਦੀ ਮੁਸ਼ਤੈਦੀ ਵਰਤੀ ਜਾਵੇਗੀ। ਉਹਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਲੋੜੀਂਦੀ ਗਿਣਤੀ ਵਿੱਚ ਅਧਿਕਾਰੀ ਅਤੇ ਮੁਲਾਜ਼ਮ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਸਰਤਾਜ ਸਿੰਘ ਚਾਹਲ ਨੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।














