ਯੁਵਕ ਸੇਵਾਵਾਂ ਵਿਭਾਗ ਨੇ ਕਰਵਾਈ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ

36

ਹੁਸ਼ਿਆਰਪੁਰ, 24 ਸਤੰਬਰ 2025 AJ DI Awaaj

Punjab Desk : ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈੱਡ ਰਿਬਨ ਕਲੱਬਾਂ ਦੇ ਸਾਰੇ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਸੰਸਥਾ ਨੂੰ ਸੈਸ਼ਨ 2025-26 ਦੌਰਾਨ ਘੱਟੋ-ਘੱਟ ਇਕ ਖੂਨਦਾਨ ਕੈਂਪ ਜ਼ਰੂਰ ਲਗਾਉਣਾ ਚਾਹੀਦਾ ਹੈ। ਉਹ ਅੱਜ ਸਥਾਨਕ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਰੈੱਡ ਰਿਬਨ ਕਲੱਬਾਂ ਦੀ ਵਕਾਲਤ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੁੱਖ ਦਫ਼ਤਰ ਤੋਂ ਪ੍ਰਾਪਤ ਗ੍ਰਾਂਟਾਂ ਨੂੰ ਪ੍ਰੋਗਰਾਮ ਅਫ਼ਸਰਾਂ ਅਤੇ ਸਾਰੇ ਰੈੱਡ ਰਿਬਨ ਕਲੱਬਾਂ ਦੇ ਨੁਮਾਇੰਦਿਆਂ ਨੂੰ ਵੀ ਵੰਡਿਆ ਗਿਆ ਅਤੇ ਜ਼ਿਲ੍ਹੇ ਦੇ ਰੈੱਡ ਰਿਬਨ ਕਲੱਬਾਂ ਨੂੰ 2025-26 ਦੌਰਾਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਸੈਸ਼ਨ 2024-25 ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਸਾਲ 2025-26 ਦੌਰਾਨ ਰੈੱਡ ਰਿਬਨ ਕਲੱਬਾਂ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਮਾਗਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ 46 ਰੈੱਡ ਰਿਬਨ ਨੋਡਲ ਅਫ਼ਸਰਾਂ ਤੋਂ ਇਲਾਵਾ, 95 ਤੋਂ ਵੱਧ ਵੱਖ-ਵੱਖ ਕਾਲਜਾਂ ਦੇ ਪੀਅਰ ਐਜੂਕੇਟਰ ਵੀ ਮੌਜੂਦ ਸਨ।
ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਚੱਲਣ ਨਾਲ ਜ਼ਿਲ੍ਹੇ ਦੇ ਕਾਲਜਾਂ, ਨਰਸਿੰਗ ਕਾਲਜਾਂ, ਪੌਲੀਟੈਕਨਿਕ ਕਾਲਜਾਂ ਨਾਲ ਸਿੱਧਾ ਸੰਪਰਕ ਸਥਾਪਿਤ ਹੋਇਆ ਹੈ ਅਤੇ ਇਨ੍ਹਾਂ ਸੰਸਥਾਵਾਂ ਵਿਚ ਵਿਭਾਗ ਦੀਆਂ ਹੋਰ ਗਤੀਵਿਧੀਆਂ ਵੀ ਬਿਹਤਰ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ।
ਪ੍ਰੀਤ ਕੋਹਲੀ ਨੇ ਕਿਹਾ ਕਿ 17 ਸਤੰਬਰ, 2025 ਨੂੰ ਜ਼ਿਲ੍ਹਾ ਪੱਧਰ ‘ਤੇ 5 ਕਿਲੋਮੀਟਰ ਕਰਵਾਇਆ ਮੈਂਰਾਥਨ ਕਰਵਾਈ ਗਈ ਸੀ, ਉਸ ਮੈਰਾਥਨ ਦੌਰਾਨ ਸਭ ਤੋਂ ਵੱਧ ਭਾਗੀਦਾਰ ਭੇਜਣ ਦੇ ਲਈ ਪਹਿਲੇ ਸਥਾਨ ‘ਤੇ ਡਾ. ਕੁਲਵਿੰਦਰ ਸਿੰਘ ਆਈ.ਕੇ.ਜੀ.ਪੀ.ਟੀ.ਯੂ ਹੁਸ਼ਿਆਰਪੁਰ ਕੈਂਪਸ, ਦੂਸਰੇ ਸਕਾਨ ‘ਤੇ ਪ੍ਰੋ. ਗੁਰਪ੍ਰੀਤ ਸਿਘ ਪੰਡਿਤ ਜਗਤ ਰਾਮ ਸਰਕਾਰੀ ਪੌਲੀਟੈਕਨਿਕ ਹੁਸ਼ਿਆਰਪੁਰ ਅਤੇ ਤੀਸਰੇ ਸਥਾਨ ‘ਤੇ ਪ੍ਰੋ. ਵਿਜੇ ਕੁਮਾਰ ਸਰਕਾਰੀ ਕਾਲਜ ਹੁਸ਼ਿਆਰਪੁਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2024-25 ਵਿਚ ਕੀਤੇ ਗਏ ਕੰਮ ਦੇ ਆਧਾਰ ‘ਤੇ, ਜ਼ਿਲ੍ਹੇ ਦੇ 5 ਸਭ ਤੋਂ ਵਧੀਆ ਰੈੱਡ ਰਿਬਨ ਕਲੱਬ ਚੁਣੇ ਗਏ ਜਿਨ੍ਹਾਂ ਨੇ ਪਿਛਲੇ ਸੈਸ਼ਨ ਦੌਰਾਨ ਬਿਹਤਰ ਗਤੀਵਿਧੀਆਂ ਕੀਤੀਆਂ ਸਨ, ਜਿਨ੍ਹਾਂ ਵਿਚ ਡਾ. ਕੁਲਵਿੰਦਰ ਸਿੰਘ ਆਈ.ਕੇ.ਜੀ.ਪੀ.ਟੀ.ਯੂ. ਹੁਸ਼ਿਆਰਪੁਰ ਕੈਂਪਸ, ਪ੍ਰੋ. ਵਿਜੇ ਕੁਮਾਰ ਸਰਕਾਰੀ ਕਾਲਜ ਹੁਸ਼ਿਆਰਪੁਰ, ਪ੍ਰੋ. ਅਨੁਰਾਧਾ ਐਸ.ਪੀ.ਐਨ ਕਾਲਜ ਮੁਕੇਰੀਆਂ, ਪ੍ਰੋ. ਆਇਨਾ ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਅਤੇ ਪ੍ਰੋ. ਕਰਮਜੀਤ ਕੌਰ ਬਾਬਾ ਔਘੜ ਸ਼੍ਰੀ ਫਤਿਹ ਨਾਥ ਜੀ ਗਰਲਜ਼ ਕਾਲਜ, ਜੇਜੋਂ ਦੋਆਬਾ ਨੂੰ ਵਿਸ਼ੇਸ਼ ਸਨਮਾਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਡੀ.ਡੀ.ਆਰ.ਸੀ ਦੀ ਸੰਦੀਪ ਕੁਮਾਰੀ ਮਨੋਵਿਗਿਆਨੀ-ਕਮ-ਕੌਂਸਲਰ ਅਤੇ ਰੀਹੈਬ ਸੈਂਟਰ ਦੇ ਕੌਂਸਲਰ ਪ੍ਰਸ਼ਾਂਤ ਆਦਿਆ ਨੇ ਆਪਣੀ ਟੀਮ ਨਾਲ ਮਿਲ ਕੇ ਵਿਜ਼ਟਿੰਗ ਨੋਡਲ ਅਫਸਰਾਂ ਨੂੰ ਐੱਚ.ਆਈ.ਵੀ ਅਤੇ ਨਸ਼ੇ ਦੀ ਲਤ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਸਾਰੇ ਕਾਲਜਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕਾਲਜਾਂ ਵਿੱਚ ਅਜਿਹੇ ਸੈਮੀਨਾਰ ਕਰਵਾਉਣ ਲਈ ਪ੍ਰੇਰਿਤ ਕਰਨ।
ਇਸ ਸਮਾਗਮ ਦੇ ਦੂਜੇ ਬੁਲਾਰੇ ਪ੍ਰੀਤ ਕੋਹਲੀ ਨੇ ਵਿਦਿਆਰਥੀਆਂ ਨਾਲ ਖੂਨਦਾਨ, ਅੱਖਾਂ ਦਾਨ ਅਤੇ ਅੰਗ ਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਆਪਣੇ ਛੋਟੇ ਅਤੇ ਮਹੱਤਵਪੂਰਨ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਨਾਲ ਮੋਹਿਤ ਕੀਤਾ ਅਤੇ ਉਨ੍ਹਾਂ ਵਿਚ ਮਨੁੱਖਤਾ ਦੀ ਭਾਵਨਾ ਜਗਾਈ।

ਡਾ. ਕੁਲਦੀਪ ਕੌਰ ਵਾਲੀਆ, ਡੀ.ਐਸ.ਡਬਲਯੂ, ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਨੇ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸਾਰੇ ਕਾਲਜਾਂ ਦੇ ਨੋਡਲ ਅਫ਼ਸਰਾਂ ਦੇ ਨਾਲ-ਨਾਲ ਹੋਰ ਪਤਵੰਤੇ ਵੀ ਮੌਜੂਦ ਸਨ।