ਨਾਰੀ ਸਸ਼ਕਤੀਕਰਨ: ਰੈੱਡ ਕਰਾਸ ਵੱਲੋਂ ਲੜਕੀਆਂ ਲਈ ਕਿੱਤਾਮੁਖੀ ਕੋਰਸਾਂ ਦਾ ਫੈਸਲਾ

26

ਸੰਗਰੂਰ, 18 ਜੂਨ 2025 Aj DI Awaaj
Punjab Desk : ਡਾ. ਕਮਲਦੀਪ ਸ਼ਰਮਾ, ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ, ਸੰਗਰੂਰ ਵੱਲੋਂ ਰੈੱਡ ਕਰਾਸ ਦੇ ਵੱਖ-ਵੱਖ ਕੰਮਾਂ ਅਤੇ ਗਤੀਵਿਧੀਆਂ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਰੈੱਡ ਕਰਾਸ ਵੱਲੋਂ ਵੱਧ ਤੋਂ ਵੱਧ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਕਿੱਤਾਮੁਖੀ ਕੋਰਸਾਂ ਨਾਲ ਜੋੜਨ ਦਾ ਫੈਸਲਾ ਲਿਆ ਗਿਆ। ਦੱਸਣਯੋਗ ਹੈ ਕਿ ਰੈੱਡ ਕਰਾਸ ਵੱਲੋਂ ਮੌਜੂਦਾ ਸਮੇਂ 200 ਤੋਂ ਵਧੇਰੇ ਲੜਕੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਿਆ ਜਾ ਰਿਹਾ ਹੈ।

ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਸਿਖਲਾਈ ਸੈਂਟਰ, ਜਿਵੇਂ ਕਿ ਕੰਪਿਊਟਰ ਸੈਂਟਰ, ਬਿਊਟੀ ਪਾਰਲਰ, ਸ਼ੋਰਟ ਹੈਂਡ ਸੈਂਟਰ ਦੇ ਕੰਮਾਂ ਨੂੰ ਚਲਾਉਣ ਲਈ ਸੁਝਾਊ ਪੇਸ਼ ਕੀਤੇ ਗਏ। ਜਿਸ ਉੱਤੇ ਚੇਅਰਪਰਸਨ ਵੱਲੋਂ ਕਿਹਾ ਗਿਆ ਕਿ ਸਿਲਾਈ ਦੇ ਲਈ ਵੱਧ ਤੋਂ ਵੱਧ ਲੜਕੀਆਂ ਨੂੰ ਆਤਮ-ਨਿਰਭਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸਲੀ ਅਰਥਾਂ ਵਿੱਚ ਨਾਰੀ ਸਸ਼ਕਤੀਕਰਨ ਕਰਨ ਲਈ ਲੜਕੀਆਂ ਨੂੰ ਉਹਨਾਂ ਦੇ ਪੈਰਾਂ ਉੱਤੇ ਖੜ੍ਹਾ ਕਰਨਾ ਅੱਜ ਸਮੇਂ ਦੀ ਵੱਡੀ ਲੋੜ ਹੈ। ਉਹਨਾਂ ਨੇ ਸਿਲਾਈ ਪ੍ਰੀਖਿਆ ਉਤੇ ਵੀ ਜੋਰ ਦਿੱਤਾ ਹੈ ਤਾਂ ਜੋ ਲੋੜਵੰਦ ਲੜਕੀਆਂ ਦੇ ਹੁਨਰ ਵਿੱਚ ਵਾਧਾ ਕੀਤਾ ਜਾ ਸਕੇ।

ਉਹਨਾਂ ਰੈੱਡ ਕਰਾਸ ਦੇ ਮੈਂਬਰਾਂ ਨੂੰ ਕਿਹਾ ਕਿ ਲੜਕੀਆਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਬੁਟੀਕਾਂ ਤੇ ਨਵੇਂ ਸਿਲਾਈ ਦੇ ਡਰੈਸਿਸ ਅਤੇ ਡਿਜ਼ਾਇਨ ਲੜਕੀਆਂ ਨੂੰ ਦਿਖਾਏ ਜਾਣ। ਚੇਅਰਪਰਸਨ ਵੱਲੋਂ ਰੈੱਡ ਕਰਾਸ ਦੇ ਮੈਂਬਰਾਂ ਨੂੰ ਕਿਹਾ ਗਿਆ ਕਿ ਹਰੇਕ ਹਫ਼ਤੇ ਦੋ-ਦੋ ਮੈਂਬਰ ਹਸਪਤਾਲ ਵਿੱਚ ਜਾ ਕੇ ਸਾਫ ਸਫਾਈ ਅਤੇ ਹੋਰ ਧਿਆਨ ਦੇਣ, ਤਾਂ ਜੋ ਸਿਵਲ ਹਸਪਤਾਲ ਵਿਖੇ ਆਉਣ ਵਾਲੀ ਜਨਤਾ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਚੇਅਰਪਰਸਨ ਵੱਲੋਂ ਅੰਤਰ-ਰਾਸ਼ਟਰੀ ਯੋਗ ਦਿਵਸ 21 ਜੂਨ ਮੌਕੇ ਰੈਡ ਕਰਾਸ ਦੇ ਮੈਂਬਰਾਂ ਨੂੰ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ, ਜਿਵੇਂ ਕਿ ਬਿਰਧ ਆਸ਼ਰਮ, ਨਸ਼ਾ ਛੁਡਾਊ ਕੇਂਦਰ ਵਿੱਚ ਯੋਗ ਦਿਵਸ ਵੱਧ ਚੜ੍ਹ ਕੇ ਮਨਾਉਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਅਗਾਮੀ ਦਿਨਾਂ ਵਿੱਚ ਕੈਂਸਰ ਜਾਗਰੂਕਤਾ ਦੇ ਕੈਂਪ ਵੀ ਲਗਾਏ ਜਾਣਗੇ। ਇਸ ਸਬੰਧ ਵਿੱਚ ਸਕੱਤਰ ਰੈਡ ਕਰਾਸ ਸੁਸਾਇਟੀ ਨੂੰ ਹੋਮੀ ਭਾਬਾ ਹਸਪਤਾਲ ਸੰਗਰੂਰ ਵਿਖੇ ਤਾਲਮੇਲ ਕਰਨ ਲਈ ਕਿਹਾ ਗਿਆ।

ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੰਪਿਊਟਰ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਗਈ ਹੈ। ਕੰਪਿਊਟਰ ਦੀ ਸਿਖਲਾਈ ਲਈ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇ। ਉਹਨਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੱਤਰ ਰੈਡ ਕਰਾਸ ਨੂੰ ਸਕੂਲਾਂ ਕਾਲਜਾਂ ਵਿੱਚ ਵੱਧ ਤੋਂ ਵੱਧ ਨੁਕੜ-ਨਾਟਕ ਆਦਿ ਨਾਲ ਬੱਚਿਆਂ ਨੂੰ ਜਾਗਰੂਕ ਕਰਨ ਬਾਰੇ ਕਿਹਾ ਗਿਆ।ਉਨ੍ਹਾਂ ਵੱਲੋਂ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਸਿਖਲਾਈ ਸੈਂਟਰਾਂ ਅਤੇ ਸਟਾਫ ਦੇ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਹਾ ਗਿਆ।

ਮੀਟਿੰਗ ਵਿੱਚ ਸ਼੍ਰੀਮਤੀ ਜਸਵੀਰ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ-ਕਮ-ਸਕੱਤਰ, ਇੰਡੀਅਨ ਰੈਡ ਕਰਾਸ ਸੁਸਾਇਟੀ, ਸੰਗਰੂਰ, ਸ਼੍ਰੀਮਤੀ ਨਿੰਮੀ ਬਾਂਸਲ, ਸ਼੍ਰੀਮਤੀ ਕੁਸਮ ਮਘਾਨ, ਸ਼੍ਰੀਮਤੀ ਕੁਸਮ ਗਰਗ, ਡਾ. ਸੁਖਦੀਪ ਕੌਰ, ਸ਼੍ਰੀਮਤੀ ਸ਼ਵੇਤਾ ਜੈਨ, ਸ਼੍ਰੀਮਤੀ ਸੋਨਿਕਾ ਜੈਨ, ਸ਼੍ਰੀ ਸਰਬਜੀਤ ਸਿੰਘ ਰੇਖੀ, ਡਾ. ਸੁਖਵਿੰਦਰ ਸਿੰਘ ਹਾਜ਼ਰ ਸਨ।