30 ਦਸੰਬਰ, 2025 ਅਜ ਦੀ ਆਵਾਜ਼
Sports Desk: ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਗੌਤਮ ਗੰਭੀਰ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਟਕਲਾਂ ਚੱਲ ਰਹੀਆਂ ਸਨ। ਟੀਮ ਇੰਡੀਆ ਦੇ ਨਿਰਾਸ਼ਾਜਨਕ ਟੈਸਟ ਪ੍ਰਦਰਸ਼ਨ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ BCCI ਗੰਭੀਰ ਨੂੰ ਕੋਚ ਦੇ ਅਹੁਦੇ ਤੋਂ ਹਟਾ ਸਕਦੀ ਹੈ। ਪਰ ਹੁਣ ਬੋਰਡ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਇਨ੍ਹਾਂ ਸਭ ਅਫ਼ਵਾਹਾਂ ’ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ।
ਗੰਭੀਰ ਦੀ ਕੋਚਿੰਗ ’ਤੇ ਕਿਉਂ ਉੱਠੇ ਸਵਾਲ?
ਜੁਲਾਈ 2024 ਵਿੱਚ ਰਾਹੁਲ ਦ੍ਰਾਵਿੜ ਤੋਂ ਬਾਅਦ ਗੌਤਮ ਗੰਭੀਰ ਨੇ ਭਾਰਤੀ ਟੀਮ ਦੇ ਹੈੱਡ ਕੋਚ ਦਾ ਅਹੁਦਾ ਸੰਭਾਲਿਆ ਸੀ। ਉਸ ਤੋਂ ਬਾਅਦ ਟੀਮ ਇੰਡੀਆ ਦਾ ਸਫ਼ਰ ਕਾਫ਼ੀ ਉਤਾਰ-ਚੜ੍ਹਾਅ ਭਰਿਆ ਰਿਹਾ।
ਭਾਰਤ ਨੂੰ ਆਪਣੇ ਹੀ ਘਰ ਵਿੱਚ ਨਿਊਜ਼ੀਲੈਂਡ ਤੋਂ 0-3 ਅਤੇ ਦੱਖਣੀ ਅਫਰੀਕਾ ਤੋਂ 0-2 ਨਾਲ ਟੈਸਟ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸਦੇ ਨਾਲ ਹੀ, ਗੌਤਮ ਗੰਭੀਰ ਭਾਰਤ ਦੇ ਪਹਿਲੇ ਅਜਿਹੇ ਕੋਚ ਬਣ ਗਏ ਹਨ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਟੀਮ ਇੰਡੀਆ ਨੂੰ ਘਰ ਵਿੱਚ ਦੋ ਵਾਰ ਟੈਸਟ ਸੀਰੀਜ਼ ਵਿੱਚ ‘ਵ੍ਹਾਈਟਵਾਸ਼’ ਹੋਇਆ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ 19 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 7 ਵਿੱਚ ਹੀ ਜਿੱਤ ਮਿਲੀ ਹੈ।
BCCI ਨੇ ਸਾਫ਼ ਕੀਤੀ ਸਥਿਤੀ
ਲਗਾਤਾਰ ਆਲੋਚਨਾਵਾਂ ਦੇ ਵਿਚਕਾਰ, BCCI ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਕੋਚ ਬਦਲਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ,
“ਮੀਡੀਆ ਵਿੱਚ ਗੌਤਮ ਗੰਭੀਰ ਨੂੰ ਲੈ ਕੇ ਜੋ ਵੀ ਅਫ਼ਵਾਹਾਂ ਚੱਲ ਰਹੀਆਂ ਹਨ, ਮੈਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ। BCCI ਸਕੱਤਰ ਦੇਵਜੀਤ ਸੈਕੀਆ ਵੀ ਇਹ ਸਾਫ਼ ਕਰ ਚੁੱਕੇ ਹਨ ਕਿ ਨਵੇਂ ਕੋਚ ਨੂੰ ਲਿਆਉਣ ਜਾਂ ਗੰਭੀਰ ਨੂੰ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ।”
ਕਦੋਂ ਤੱਕ ਕੋਚ ਰਹਿਣਗੇ ਗੰਭੀਰ?
ਗੌਤਮ ਗੰਭੀਰ ਦਾ BCCI ਨਾਲ ਕਰਾਰ ਨਵੰਬਰ 2027 ਤੱਕ ਹੈ। ਬੋਰਡ ਦੇ ਬਿਆਨਾਂ ਤੋਂ ਇਹ ਸਾਫ਼ ਹੈ ਕਿ ਉਹ ਫਿਲਹਾਲ ਆਪਣੇ ਅਹੁਦੇ ’ਤੇ ਬਣੇ ਰਹਿਣਗੇ ਅਤੇ ਉਨ੍ਹਾਂ ਨੂੰ ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਪੂਰਾ ਮੌਕਾ ਦਿੱਤਾ ਜਾਵੇਗਾ।
WTC 2027 ਫਾਈਨਲ ’ਤੇ ਨਜ਼ਰ
ਹੁਣ ਭਾਰਤੀ ਟੀਮ ਦਾ ਸਭ ਤੋਂ ਵੱਡਾ ਲਕੜੀ ਵਰਲਡ ਟੈਸਟ ਚੈਂਪੀਅਨਸ਼ਿਪ (WTC) 2027 ਦਾ ਫਾਈਨਲ ਹੈ। ਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਭਾਰਤ ਨੂੰ ਆਪਣੇ ਆਉਣ ਵਾਲੇ 9 ਟੈਸਟ ਮੈਚਾਂ ਵਿੱਚੋਂ ਘੱਟੋ-ਘੱਟ 7 ਮੈਚ ਜਿੱਤਣੇ ਲਾਜ਼ਮੀ ਹੋਣਗੇ।
2026 ਵਿੱਚ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੇ ਦੌਰੇ ਭਾਰਤੀ ਟੀਮ ਅਤੇ ਗੌਤਮ ਗੰਭੀਰ ਦੋਵਾਂ ਲਈ ਵੱਡੀ ਪ੍ਰੀਖਿਆ ਸਾਬਤ ਹੋਣਗੇ
Related












