ਕੀਰਤਪੁਰ ਸਾਹਿਬ 08 ਮਈ 2025 Aj Di Awaaj
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਪਾਣੀ ਦਾ ਮਸਲਾ ਬਹੁਤ ਹੀ ਗੰਭੀਰ ਹੈ, ਕਰੋੜਾਂ ਰੁਪਏ ਦੇ ਡੰਗਿਆਂ ਦੇ ਕੰਮ ਨਹਿਰਾਂ ਤੇ ਚੱਲ ਰਹੇ ਹਨ ਜੋ ਪਰੀ ਫਲੱਡ ਸੀਜ਼ਨ ਦੌਰਾਨ ਹੀ ਹੋ ਸਕਦੇ ਹਨ। ਬੀਬੀਐਮਬੀ ਦੇ ਚੇਅਰਮੈਨ ਨੇ ਅੱਜ ਤੜਕਸਾਰ ਕੀਰਤਪੁਰ ਸਾਹਿਬ ਲੋਹੰਡ ਖੱਡ ਤੇ ਪਹੁੰਚ ਕੇ ਪੰਜਾਬ ਦਾ ਪਾਣੀ ਬੰਦ ਕਰਕੇ ਹਰਿਆਣਾ ਨੂੰ ਪਾਣੀ ਦੇਣ ਦਾ ਜੋ ਕੋਝਾ ਉਪਰਾਲਾ ਅਜਿਹੇ ਸਮੇਂ ਦੋਰਾਨ ਕੀਤਾ ਹੈ ਜਦੋਂ ਦੇਸ਼ ਜੰਗ ਵਰਗੇ ਹਾਲਾਤਾ ਵਿਚੋ ਗੁਜ਼ਰ ਰਿਹਾ ਹੈ, ਉਸ ਦੇ ਲਈ ਉਸ ਚੇਅਰਮੈਨ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ।
ਅੱਜ ਤੜਕਸਾਰ ਤੋਂ ਨੰਗਲ ਡੈਮ, ਸਤਲੁਜ ਸਦਨ, ਲੋਹੰਡ ਖੱਡ ਦਾ ਦੌਰਾ ਕਰ ਰਹੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀ ਪੰਜਾਬੀਅਤ ਅਤੇ ਪੰਜਾਬੀਆਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਦੀ ਲੜਾਈ ਲੜ ਰਹੇ ਹਾਂ, ਸਾਡੇ ਨਾਲ ਜੁੜ ਕੇ ਸਮੁੱਚੇ ਪੰਜਾਬ ਦੀ ਅਵਾਮ ਆਪਣੇ ਹੱਕਾ ਤੇ ਹਿੱਤਾਂ ਦੀ ਲੜਾਂਈ ਲੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡੈਮ ਸਾਡੇ ਪੰਜਾਬ ਦੀ ਮਾਲਕਾਨਾਂ ਹੱਕ ਦੀ ਧਰਤੀ ਤੇ ਬਣੇ ਦਰਿਆ ਤੇ ਨਹਿਰਾਂ ਪੰਜਾਬ ਦੀ ਧਰਤੀ ਤੋ ਨਿਕਲੇ ਪ੍ਰੰਤੂ ਲਾਭ ਹੋਰ ਸੂਬਿਆਂ ਨੂੰ ਮਿਲੇ, ਪਿਛਲੀਆਂ ਸਰਕਾਰਾਂ ਦੀ ਨਲਾਇਕੀ ਅਤੇ ਨਾ ਕਾਬਲੀਅਤ ਦਾ ਨਤੀਜਾ ਹੈ ਕਿ ਪੰਜਾਬ ਦਾ ਬੀਬੀਐਮਬੀ ਤੇ 60 ਪ੍ਰਤੀਸ਼ਤ ਹੱਕ ਹੈ ਪ੍ਰੰਤੂ ਸਾਨੂੰ ਇਸ ਦੇ ਲਾਭ ਨਹੀ ਮਿਲ ਰਹੇ ਸਗੋਂ ਸਾਡੀ ਸਰਕਾਰ ਦੇ ਉਤੇ ਬੀਬੀਐਮਬੀ ਦਾ ਆਰਥਿਕ ਬੋਝ ਪਿਆ ਹੈ।
ਕੀਰਤਪੁਰ ਸਾਹਿਬ ਦੇ ਲੋਹੰਡ ਖੱਡ ਤੇ ਬਣੇ ਡੈਮ ਦਾ ਦੌਰਾ ਕਰਨ ਉਪਰੰਤ ਪੱਤਰਕਾਰਾ ਨੂੰ ਸੰਬੋਧਨ ਕਰਦੇ ਹੋਏ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀ ਪਹਿਲਾ ਹੀ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰ ਚੁੱਕੇ ਹਾਂ ਕਿ ਸਾਡੇ ਕੋਲ ਹੋਰ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ। ਇਸ ਦੇ ਬਾਵਜੂਦ ਸਾਡੇ ਹੱਕਾਂ ਤੇ ਹਿੱਤਾਂ ਤੇ ਡਾਕਾ ਮਾਰਨ ਦੀ ਸਾਜ਼ਿਸ਼ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਬਰ ਦਾ ਇੰਮਤਿਹਾਨ ਨਾ ਲਿਆ ਜਾਵੇ, ਅਸੀ ਪੰਜਾਬੀ ਦੇਸ਼ ਲਈ ਕੁਰਬਾਨੀਆਂ ਦੇਣ ਨੂੰ ਤਰਜੀਹ ਦਿੰਦੇ ਹਾਂ, ਜਦੋਂ ਕਿ ਮੋਜੂਦਾ ਜੰਗ ਵਰਗੇ ਹਾਲਾਤਾ ਦੌਰਾਨ ਦੇਸ਼ ਵਿਰੋਧੀ ਤਾਕਤਾਂ ਆਪਣੀ ਸੋੜੀ ਸਿਆਸਤ ਚਮਕਾਉਣ ਲਈ ਅਜਿਹੇ ਮਾਹੋਲ ਵਿੱਚ ਪੰਜਾਬ ਦਾ ਨੁਕਸਾਨ ਕਰਨ ਵਿਚ ਲੱਗ ਗਈਆਂ ਹਨ।
ਸ.ਹਰਜੋਤ ਸਿੰਘ ਬੈਂਸ ਨੇ ਪਾਣੀ ਦੀ ਕਮੀ ਕਾਰਨ ਆਪਣੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹੋਏ ਨੁਕਸਾਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਖੜਾ ਡੈਮ ਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਵਸੇ ਪਿੰਡਾਂ ਸਵਾਮੀਪੁਰ, ਬਿਭੋਰ ਸਾਹਿਬ, ਖੇੜਾ, ਬਾਸ ਆਦਿ ਦੇ 500 ਏਕੜ ਉਪਜਾਊ ਜ਼ਮੀਨ ਪਾਣੀ ਖੁਣੋ ਬੰਜ਼ਰ ਹੋ ਗਈ ਹੈ। ਉਨ੍ਹਾਂ ਨੇ ਕਿਹਾਕਿ ਅਸੀ 10 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਦਰਿਆਈ ਪਾਣੀ ਨਾਲ ਸਿੰਚਾਈ ਦੇ ਯੋਗ ਬਣਾਇਆ ਹੈ ਅਤੇ ਚੰਗਰ ਵਰਗੇ ਇਲਾਕੇ ਜੋ 70 ਸਾਲਾ ਤੋ ਪਾਣੀ ਤਰਾਸਦੀ ਨਾਲ ਜੂਝ ਰਹੇ ਸਨ, ਉਸ ਇਲਾਕੇ ਨੂੰ ਪਾਣੀ ਪਹੁੰਚਾਉਣ ਦਾ ਪ੍ਰੋਜੈਕਟ ਤਿਆਰ ਕੀਤਾ ਹੈ। ਸ.ਬੈਂਸ ਨੇ ਕਿਹਾ ਕਿ ਹੁਣ ਲੋੜ ਹੈ ਨਹਿਰੀ ਤੇ ਦਰਿਆਈ ਪਾਣੀ ਨੂੰ ਯੋਜਨਾਬੱਧ ਤਰੀਕੇ ਨਾਲ ਖੇਤਾਂ ਤੱਕ ਪਹੁੰਚਾਇਆ ਜਾਵੇ ਅਤੇ ਸਿੰਚਾਈ ਲਈ ਨਹਿਰੀ ਦਰਿਆਈ ਪਾਣੀ ਵਰਤਿਆਂ ਜਾਵੇ। ਉਨ੍ਹਾਂ ਨੇ ਕਿਹਾ ਕਿ ਪਹਿਲਾ ਹੀ ਸਾਡੇ ਕਿਸਾਨ ਧਰਤੀ ਹੇਠਲਾ ਪਾਣੀ ਵਰਤ ਕੇ ਸੂਬੇ ਦੇ ਵਧੇਰੇ ਇਲਾਕੇ ਨੂੰ ਡਾਰਕ ਜੋਨ ਵਿਚ ਲਿਆ ਚੁੱਕੇ ਹਨ, ਦੇਸ਼ ਦੇ ਅੰਨ ਭੰਡਾਰ ਵਿਚ ਹਿੱਸਾ ਪਾਉਣ ਲਈ ਅਸੀ ਆਪਣੀ ਜਮੀਨ ਦੀ ਸਿਹਤ ਵੀ ਖਰਾਬ ਕਰ ਲਈ ਹੈ। ਉਨ੍ਹਾਂ ਨੈ ਕਿਹਾ ਕਿ ਪਾਣੀਆਂ ਤੇ ਹੱਕ ਕੇਵਲ ਪੰਜਾਬ ਤੇ ਪੰਜਾਬੀਆ ਦਾ ਹੈ, ਇਸ ਤੇ ਡਾਕਾ ਬਰਦਾਸ਼ਤ ਨਹੀ ਹੋਵੇਗਾ। ਜਿਸ ਤਰਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਅਸੀ ਪਾਣੀਆਂ ਤੇ ਪਹਿਰੇਦਾਰੀ ਦਿਨ ਰਾਤ ਜਾਰੀ ਰੱਖਾਂਗੇ।














