ਸਤਲੁਜ ਦਰਿਆ ਵਿੱਚ ਪਾਣੀ ਹੋਰ ਘਟਿਆ, ਰਾਹਤ ਕਾਰਜ ਤੇਜ਼ੀ ਨਾਲ ਜਾਰੀ

29

ਫਾਜ਼ਿਲਕਾ 12 ਸਤੰਬਰ 2025 AJ Di Awaaj

Punjab Desk : ਫਾਜ਼ਿਲਕਾ ਜਿਲੇ ਵਿੱਚੋਂ ਲੰਘਦੀ ਸਤਲੁਜ ਕ੍ਰੀਕ ਵਿੱਚ ਪਾਣੀ ਹੋਰ ਘਟਿਆ ਹੈ ਅਤੇ ਹੁਣ ਪਾਣੀ ਕਾਵਾਂ ਵਾਲੀ ਪੱਤਣ ਵਾਲੇ ਪੁੱਲ ਤੋਂ ਥੱਲੇ ਆ ਗਿਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਅੱਜ ਹਰੀਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਘਟ ਕੇ 102462 ਕਿਊਸਿਕ ਰਹਿ ਗਈ ਹੈ ਅਤੇ ਹੁਸੈਨੀਵਾਲਾ ਤੋਂ ਇਸ ਸਮੇਂ 106402 ਕਿਉਸਿਕ ਨਿਕਾਸੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਪ੍ਰਭਾਵ ਫਾਜ਼ਿਲਕਾ ਜ਼ਿਲ੍ਹ ਵਿੱਚ ਵੀ ਦਿਖ ਰਿਹਾ ਹੈ ਅਤੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨਾਂ ਦੱਸਿਆ ਕਿ ਹੜਾਂ ਦੌਰਾਨ ਜਿਲ੍ਹੇ ਵਿੱਚ ਕੁੱਲ 4363 ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਬਾਹਰ ਕੱਢਿਆ ਗਿਆ ਸੀ ਅਤੇ 14 ਕੈਂਪਾਂ ਵਿੱਚ ਲੋਕਾਂ ਨੇ ਸ਼ਰਨ ਲਈ ਸੀ। ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 15270 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ ਅਤੇ 6236 ਥੈਲੇ ਕੈਟਲ ਫੀਡ ਦੇ ਵੰਡੇ ਗਏ ਹਨ। ਉਹਨਾਂ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵੱਲੋਂ ਹੁਣ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੱਛਰ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਵੀ ਉਪਰਾਲੇ ਤੇਜ਼ ਕੀਤੇ ਜਾ ਰਹੇ ਹਨ।