Sanju Samson ਲਈ ਚੇਤਾਵਨੀ: ਕਰੀਅਰ ਬਚਾਉਣਾ ਹੈ ਤਾਂ ਇਹ ਗਲਤੀ ਮੁੜ ਨਾ ਦੁਹਰਾਓ, ਟੀ-20 ਵਰਲਡ ਕੱਪ 2026 ਤੋਂ ਪਹਿਲਾਂ ਦਿੱਗਜ ਦੀ ਖਰੀ ਨਸੀਹਤ

11

22 ਦਸੰਬਰ, 2025 ਅਜ ਦੀ ਆਵਾਜ਼

Sports Desk:  ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਲਈ ਸਾਲ 2025 ਕਾਫ਼ੀ ਯਾਦਗਾਰ ਸਾਬਤ ਹੋ ਰਿਹਾ ਹੈ। ਟੀ-20 ਵਰਲਡ ਕੱਪ 2026 ਲਈ ਭਾਰਤੀ ਟੀਮ ਵਿੱਚ ਚੋਣ ਹੋਣ ਮਗਰੋਂ ਸੰਜੂ ਨੂੰ ਕ੍ਰਿਕਟ ਦੇ ਦਿੱਗਜਾਂ ਵੱਲੋਂ ਅਹਿਮ ਸਲਾਹਾਂ ਮਿਲ ਰਹੀਆਂ ਹਨ। ਇਸ ਕੜੀ ਵਿੱਚ ਸਾਬਕਾ ਸਿਲੈਕਟਰ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਨੇ ਵੀ ਸੰਜੂ ਨੂੰ ਇੱਕ ਵੱਡੀ ਅਤੇ ਸਿੱਧੀ ਨਸੀਹਤ ਦਿੱਤੀ ਹੈ।

ਅਹਿਮਦਾਬਾਦ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਪੰਜਵੇਂ ਟੀ-20 ਮੈਚ ਦੌਰਾਨ ਸੰਜੂ ਸੈਮਸਨ ਨੇ 37 ਦੌੜਾਂ ਦੀ ਤੇਜ਼ ਪਾਰੀ ਖੇਡੀ ਸੀ। ਇਸ ਮੈਚ ਤੋਂ ਅਗਲੇ ਹੀ ਦਿਨ ਟੀ-20 ਵਰਲਡ ਕੱਪ 2026 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਸੰਜੂ ਨੂੰ ਜਗ੍ਹਾ ਮਿਲੀ, ਜਦਕਿ ਸ਼ੁਭਮਨ ਗਿੱਲ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ।

ਸ਼੍ਰੀਕਾਂਤ ਦੀ ‘ਗੁਰੂ ਮੰਤਰ’ ਵਰਗੀ ਸਲਾਹ

ਆਪਣੇ ਯੂਟਿਊਬ ਚੈਨਲ ‘ਤੇ ਗੱਲ ਕਰਦਿਆਂ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਨੇ ਸੰਜੂ ਦੀ ਬੱਲੇਬਾਜ਼ੀ ਦੀ ਖੁਲ ਕੇ ਤਾਰੀਫ਼ ਕੀਤੀ, ਪਰ ਨਾਲ ਹੀ ਇੱਕ ਸਖ਼ਤ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ,
“ਸੰਜੂ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਹੈ, ਉਸਦੇ ਕੁਝ ਸ਼ਾਟ ਕਾਬਿਲ-ਏ-ਤਾਰੀਫ਼ ਸਨ। ਪਰ ਮੈਂ ਉਸਨੂੰ ਸਿਰਫ਼ ਇੱਕ ਗੱਲ ਕਹਿਣਾ ਚਾਹੁੰਦਾ ਹਾਂ—37 ਦੌੜਾਂ ਬਣਾ ਕੇ ਆਊਟ ਨਾ ਹੋਵੋ। ਇਸ 37 ਨੂੰ 73 ਵਿੱਚ ਬਦਲੋ। ਜੇ ਤੁਸੀਂ ਵੱਡੀਆਂ ਪਾਰੀਆਂ ਖੇਡਣ ਲੱਗ ਪਏ, ਤਾਂ ਕੋਈ ਵੀ ਤੁਹਾਨੂੰ ਟੀਮ ਤੋਂ ਬਾਹਰ ਨਹੀਂ ਕਰ ਸਕੇਗਾ। 30-40 ਦੌੜਾਂ ਦੀਆਂ ਪਾਰੀਆਂ ਲੋਕ ਭੁੱਲ ਜਾਂਦੇ ਹਨ, ਪਰ ਵੱਡੇ ਸਕੋਰ ਹਮੇਸ਼ਾ ਯਾਦ ਰਹਿੰਦੇ ਹਨ।”

ਸ਼ੁਭਮਨ ਗਿੱਲ ਨੂੰ ਬਾਹਰ ਕਰਨ ‘ਤੇ ਸਵਾਲ

ਵਰਲਡ ਕੱਪ ਸਕੁਐਡ ਵਿੱਚੋਂ ਸ਼ੁਭਮਨ ਗਿੱਲ ਨੂੰ ਬਾਹਰ ਰੱਖਣਾ ਸਭ ਤੋਂ ਹੈਰਾਨੀਜਨਕ ਫੈਸਲਿਆਂ ਵਿੱਚੋਂ ਇੱਕ ਰਿਹਾ। ਗਿੱਲ ਪਿਛਲੀਆਂ 15 ਪਾਰੀਆਂ ਵਿੱਚ ਇੱਕ ਵੀ ਅਰਧ-ਸੈਂਕੜਾ ਨਹੀਂ ਲਗਾ ਸਕੇ ਸਨ। ਖ਼ਰਾਬ ਫ਼ਾਰਮ ਅਤੇ ਸੱਟਾਂ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤਾ ਗਿਆ। ਸ਼੍ਰੀਕਾਂਤ ਦਾ ਮੰਨਣਾ ਹੈ ਕਿ ਸ਼ਾਇਦ ਗਿੱਲ ਨੂੰ ਪਹਿਲਾਂ ਹੀ ਇਸ ਬਾਰੇ ਇਸ਼ਾਰਾ ਮਿਲ ਚੁੱਕਾ ਸੀ, ਇਸੇ ਲਈ ਆਖ਼ਰੀ ਮੈਚ ਵਿੱਚ ਉਨ੍ਹਾਂ ਨੂੰ ‘ਅਨਫਿੱਟ’ ਕਰਾਰ ਦਿੱਤਾ ਗਿਆ।

ਭਾਰਤੀ ਬੱਲੇਬਾਜ਼ੀ ‘ਤੇ ਭਰੋਸਾ

ਸ਼੍ਰੀਕਾਂਤ ਨੇ ਟੀਮ ਇੰਡੀਆ ਦੀ ਬੱਲੇਬਾਜ਼ੀ ‘ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਜੇਕਰ ਕਪਤਾਨ ਸੂਰਿਆਕੁਮਾਰ ਯਾਦਵ ਆਪਣੀ ਪੁਰਾਣੀ ਫ਼ਾਰਮ ਵਿੱਚ ਵਾਪਸ ਆ ਜਾਂਦੇ ਹਨ, ਤਾਂ ਭਾਰਤੀ ਬੈਟਿੰਗ ਲਾਈਨਅਪ ਕਿਸੇ ਵੀ ਟੀਮ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਨੇ ਹਾਰਦਿਕ ਪੰਡਿਆ ਦੀ ਵੀ ਤਾਰੀਫ਼ ਕੀਤੀ ਅਤੇ ਟੀਮ ਦੇ ਟੌਪ-5 ਬੱਲੇਬਾਜ਼ਾਂ ਨੂੰ ਬਹੁਤ ਖ਼ਤਰਨਾਕ ਦੱਸਿਆ।