ਸਰਹੱਦੀ ਪਿੰਡਾਂ ਦਾ ਦੌਰਾ, ਸਥਿਤੀ ਪੂਰੀ ਤਰਾਂ ਨਿਯੰਤਰਣ ਵਿਚ

60

ਫਾਜ਼ਿਲਕਾ, 13 ਅਗਸਤ 2025 AJ DI Awaaj
Punjab Desk : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਮੁਹਾਰ ਜਮਸ਼ੇਰ ਸਮੇਤ ਸਤਲੁਜ ਕਰੀਕ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਸਤਲੁਜ ਕਰੀਕ ਵਿਚ ਆਏ ਪਾਣੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਖਤਰਾ ਨਹੀਂ ਹੈ ਕਿਉਂਕਿ ਕੱਲ ਦੇ ਮੁਕਾਬਲੇ ਅੱਜ ਹਰੀਕੇ ਤੋਂ ਜਲ ਨਿਕਾਸੀ ਵਿਚ 10 ਹਜਾਰ ਕੁਇਸਕ ਦੀ ਕਮੀ ਆਈ ਹੈ ਅਤੇ ਇਸ ਕਮੀ ਦਾ ਅਸਰ ਭਲਕ ਤੋਂ ਫਾਜ਼ਿਲਕਾ ਇਲਾਕੇ ਵਿਚ ਦਿੱਖਣ ਲੱਗੇਗਾ।
ਡਿਪਟੀ ਕਮਿਸ਼ਨਰ ਨੇ ਦੌਰੇ ਤੇ ਨਾਲ ਗਏ ਜਲ ਸ਼੍ਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦਾ ਵਿਭਾਗ ਜਲ ਪ੍ਰਵਾਹ ਤੇ ਤਿੱਖੀ ਨਜਰ ਰੱਖੇ ਅਤੇ ਜੇਕਰ ਕੋਈ ਖਤਰੇ ਦਾ ਸੰਕੇਤ ਹੋਵੇ ਤਾਂ ਸਮਾਂ ਰਹਿੰਦੇ ਪ੍ਰਸ਼ਾਸਨ ਨੂੰ ਸੂਚਿਤ ਕਰੇ ਤਾਂ ਜੋ ਲੋਕਾਂ ਨੂੰ ਲੋੜ ਅਨੁਸਾਰ ਮਦਦ ਮੁਹਈਆ ਕਰਵਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਤਿਆਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਹੈ। ਉਨ੍ਹਾਂ ਨੇ ਤਾਰੋਂ ਪਾਰ ਵਸੇ ਪਿੰਡ ਮੁਹਾਰ ਜਮਸ਼ੇਰ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਨੀਂਵੇਂ ਇਲਾਕਿਆਂ ਵਿਚ ਪੂਰੀ ਚੌਕਸੀ ਰੱਖਣ। ਉਨ੍ਹਾਂ ਨੇ ਕਿਹਾ ਕਿ ਵੱਡੀ ਰਾਹਤ ਹੈ ਕਿ ਸਥਾਨਕ ਪੱਧਰ ਤੇ ਬਾਰਿਸ਼ ਪਿੱਛਲੇ ਕਈ ਦਿਨਾਂ ਤੋਂ ਨਹੀਂ ਹੋਈ ਹੈ ਜਿਸ ਕਾਰਨ ਸਥਿਤੀ ਕਾਬੂ ਹੇਠ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਫਾਜ਼ਿਲਕਾ ਦੇ ਐਸਡੀਐਮ ਵੀਰਪਾਲ ਕੌਰ, ਜਲ ਸ਼੍ਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ ਸਿੱਧੂ ਵੀ ਹਾਜਰ ਸਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਵੀ ਸੁਣੀਆਂ।ਉਨ੍ਹਾਂ ਨੇ ਤੇਜਾ ਰੁਹੇਲਾ ਲਈ ਨਵੇਂ ਬਣੇ ਪੁਲ ਦਾ ਵੀ ਜਾਇਜ਼ਾ ਲਿਆ।