25 ਫਰਵਰੀ 2025 Aj Di Awaaj
ਸ੍ਰੀ ਅਨੰਦਪੁਰ ਸਾਹਿਬ 25 ਫਰਵਰੀ 2025
ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਰਾਸਤੀ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਚ 11 ਤੇ 12 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਹੀਆਂ ਹਨ। ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਲੜਕੇ/ਲੜਕੀਆਂ ਵਿੱਚ ਭਾਰੀ ਉਤਸ਼ਾਹ ਹੈ।
ਇਹ ਜਾਣਕਾਰੀ ਚੰਦਰ ਜਯੌਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਵਿਰਾਸਤੀ ਖੇਡਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਚਰਨ ਗੰਗਾ ਸਟੇਡੀਅਮ ਵਿੱਚ ਰੱਖੀ ਇੱਕ ਵਿਸੇਸ ਮੀਟਿੰਗ ਮੌਕੇ ਪ੍ਰਬੰਧਾਂ ਦੀ ਸਮੀਖਿਆ ਕਰਨ ਉਪਰੰਤ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਮਾਣਮੱਤੀ ਵਿਰਾਸਤ ਤੇ ਸੱਭਿਆਚਾਰ ਦੇ ਪ੍ਰਤੀਕ ਮੁਕਾਬਲੇ ਇਨ੍ਹਾਂ ਦੋ ਦਿਨਾਂ ਦੌਰਾਨ ਕਰਵਾਏ ਜਾਣਗੇ। ਹੋਲਾ ਮਹੱਲਾ ਦੌਰਾਨ ਖਾਲਸੇ ਦੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਢਾਡੀ ਅਤੇ ਕਵੀਸ਼ਰੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਨੌਜਵਾਨਾਂ ਲਈ ਦਸਤਾਰ ਬੰਦੀ ਮੁਕਾਬਲੇ ਕਰਵਾਉਣ ਦਾ ਵਿਸੇਸ਼ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਸ ਦੋ ਰੋਜ਼ਾ ਵਿਰਾਸਤੀ ਖੇਡਾਂ ਵਿੱਚ ਕਿੱਲਾ ਪੁੱਟਣਾ (ਟੈਂਟ ਪੈਗਿੰਗ), ਗੱਤਕਾ, ਤੀਰ ਅੰਦਾਜ਼ੀ (ਆਰਚਰੀ) ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਨੌਜਵਾਨਾਂ/ ਖਿਡਾਰੀਆਂ ਦਾ ਵਿਸੇਸ਼ ਤੌਰ ਉਤੇ ਸਨਮਾਨ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਠਹਿਰਣ ਤੇ ਖਾਣ ਪੀਣ ਦੀ ਢੁੱਕਵੀਂ ਵਿਵਸਥਾ ਕੀਤੀ ਗਈ ਹੈ।
ਇਸੇ ਮੌਕੇ ਸੁਖਪਾਲ ਸਿੰਘ ਪੀ.ਸੀ.ਐਸ ਐਸ.ਡੀ.ਐਮ ਮੋਰਿੰਡਾ ਨੇ ਕਿਹਾ ਕਿ ਹੋਲਾ ਮਹੱਲਾ ਵਿਰਾਸਤੀ ਖੇਡਾਂ ਵਿਚ ਸ਼ਾਮਿਲ ਹੋਣ ਲਈ ਲਗਭਗ 200 ਤੋਂ ਵੱਧ ਨੌਜਵਾਨ ਲੜਕੇ/ਲੜਕੀਆਂ ਵਿੱਚ ਭਾਰੀ ਉਤਸ਼ਾਹ ਹੈ।
ਐਸ.ਡੀ.ਐਮ ਨੇ ਦੱਸਿਆ ਇਹਨਾਂ ਵਿਰਾਸਤੀ ਖੇਡਾਂ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਸਤਰ ਕਲਾ ਦੇ ਮੁਕਾਬਲਿਆਂ ਦੌਰਾਨ ਇੱਕ ਦਰਜਨ ਦੇ ਕਰੀਬ ਗੱਤਕਾ ਟੀਮਾਂ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਉਣਗੀਆਂ। ਇਸੇ ਦੌਰਾਨ ਗੱਤਕਾ ਸੋਟੀ-ਫੱਰੀ ਦੇ ਵਿਅਕਤੀਗਤ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਦਘਾਟਨ ਸਮਾਰੋਹ ਮੌਕੇ ਟੈਂਟ ਪੈਗਿੰਗ ਮੁਕਾਬਲੇ ਵਿਸੇਸ਼ ਖਿੱਚ ਦਾ ਕੇਂਦਰ ਹੋਣਗੇ। ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਧਨਵੰਤ ਸਿੰਘ ਰੰਧਾਵਾ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਜਗਜੀਵਨਪਾਲ ਸਿੰਘ ਜਿਲ੍ਹਾ ਖੇਡ ਅਫਸਰ, ਕਾਰਜਕਾਰੀ ਇੰ.ਜਲ ਸਪਲਾਈ ਹਰਜੀਤਪਾਲ ਸਿੰਘ, ਰਣਜੀਤ ਸਿੰਘ ਐਨ.ਸੀ.ਸੀ ਅਫਸਰ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।
