09 ਦਸੰਬਰ, 2025 ਅਜ ਦੀ ਆਵਾਜ਼
International Desk: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਚੌਲਾਂ ’ਤੇ ਟੈਰਿਫ ਦੁੱਗਣਾ ਕਰਨ ਦਾ ਸੰਕੇਤ ਦਿੱਤਾ ਹੈ। ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਉਹ ਕੈਨੇਡੀਅਨ ਖਾਦ ਅਤੇ ਭਾਰਤੀ ਚੌਲਾਂ ’ਤੇ ਟੈਰਿਫ ਵਧਾਉਣ ਦੇ ਹੱਕ ’ਚ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਫ਼ ਕੀਤਾ ਹੈ ਕਿ ਅਮਰੀਕਾ ਭਾਰਤ ਤੋਂ ਹੋ ਰਹੇ ਚੌਲਾਂ ਦੇ ਆਯਾਤ ’ਤੇ ਟੈਰਿਫ ਵਧਾ ਸਕਦਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਅਮਰੀਕੀ ਉਤਪਾਦਕਾਂ ਨੇ ਟਰੰਪ ਨੂੰ ਸ਼ਿਕਾਇਤ ਕੀਤੀ ਕਿ ਬਾਜ਼ਾਰ ’ਚ ਸਸਤੇ ਵਿਦੇਸ਼ੀ ਚੌਲਾਂ ਕਾਰਨ ਘਰੇਲੂ ਉਤਪਾਦਕਾਂ ਨੂੰ ਨੁਕਸਾਨ ਹੋ ਰਿਹਾ ਹੈ।
ਟਰੰਪ ਨੇ ਅਮਰੀਕੀ ਕਿਸਾਨਾਂ ਲਈ 12 ਬਿਲੀਅਨ ਡਾਲਰ ਦਾ ਬੇਲਆਉਟ ਪੈਕੇਜ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਇਹ ਜਾਂਚੇਗੀ ਕਿ ਸਸਤੇ ਵਿਦੇਸ਼ੀ ਚੌਲ ਕਿੰਨੀ ਮਾਤਰਾ ਵਿੱਚ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ। ਕਿਸਾਨਾਂ ਨੇ ਦਬਾਅ ਬਣਾਇਆ ਕਿ ਵਿਦੇਸ਼ੀ ਸਬਸਿਡੀਆਂ ਕਾਰਨ ਉਨ੍ਹਾਂ ਦੇ ਚੌਲਾਂ ਨੂੰ ਮਾਰਕੀਟ ਵਿੱਚ ਢੁੱਕਵਾਂ ਮੁੱਲ ਨਹੀਂ ਮਿਲ ਰਿਹਾ।
ਟਰੰਪ ਨੇ ਕਿਹਾ ਕਿ “ਉਹ ਧੋਖਾ ਕਰ ਰਹੇ ਹਨ, ਅਤੇ ਸਖ਼ਤ ਟੈਰਿਫ ਲਗਾਉਣ ਦੀ ਲੋੜ ਹੈ।”
ਕੈਨੇਡੀਅਨ ਖਾਦ ’ਤੇ ਵੀ ਟੈਰਿਫ ਵਧੇਗਾ
ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਉਹ ਕੈਨੇਡੀਅਨ ਫਰਟੀਲਾਈਜ਼ਰ ’ਤੇ ਵੀ ਟੈਰਿਫ ਵਧਾਉਣ ਦੀ ਤਿਆਰੀ ’ਚ ਹਨ। ਲੂਈਜ਼ਿਆਨਾ ਦੀ ਕੈਨੇਡੀ ਰਾਈਸ ਮਿੱਲ ਦੇ CEO ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਜ਼ਿਆਦਾਤਰ ਚੌਲ ਭਾਰਤ, ਥਾਈਲੈਂਡ ਅਤੇ ਚੀਨ ਤੋਂ ਆ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ “ਇਨ੍ਹਾਂ ਦੇਸ਼ਾਂ ’ਤੇ ਲੱਗੇ ਟੈਰਿਫ ਘੱਟ ਹਨ, ਚੌਲਾਂ ’ਤੇ ਟੈਰਿਫ ਦੁੱਗਣਾ ਕਰਨ ਦੀ ਲੋੜ ਹੈ।”
ਟਰੰਪ ਨੇ ਤੁਰੰਤ ਆਪਣੇ ਵਿੱਤ ਮੰਤਰੀ ਸਕਾਟ ਬੇਸੈਂਟ ਨੂੰ ਆਦੇਸ਼ ਦਿੱਤਾ ਕਿ ਉਹ ਉਹਨਾਂ ਦੇਸ਼ਾਂ ਦੀ ਸੂਚੀ ਤਿਆਰ ਕਰਨ ਜਿਹੜੇ ਅਮਰੀਕਾ ਨੂੰ ਸਭ ਤੋਂ ਵੱਧ ਚੌਲ ਨਿਰਯਾਤ ਕਰਦੇ ਹਨ।
ਅਮਰੀਕਾਰ–ਭਾਰਤ ਵਪਾਰ ਗੱਲਬਾਤ ਮੁੜ ਸ਼ੁਰੂ
ਮੌਜੂਦਾ ਸਮੇਂ ਅਮਰੀਕਾ ਭਾਰਤ ’ਤੇ 50% ਟੈਰਿਫ ਲਗਾ ਚੁੱਕਾ ਹੈ। ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਇਸ ਹਫ਼ਤੇ ਮੁੜ ਸ਼ੁਰੂ ਹੋਵੇਗੀ।
10 ਅਤੇ 11 ਦਸੰਬਰ ਨੂੰ ਅਮਰੀਕੀ ਵਫ਼ਦ ਅਤੇ ਭਾਰਤੀ ਵਫ਼ਦ ਵਿਚਕਾਰ ਮੁਲਾਕਾਤ ਹੋਵੇਗੀ, ਜਿਸ ਵਿੱਚ ਦੋਪੱਖੀ ਵਪਾਰ ਸਮਝੌਤੇ ’ਤੇ ਚਰਚਾ ਹੋਵੇਗੀ।
ਭਾਰਤ ਦੇ ਵਪਾਰ ਸਕੱਤਰ ਰਾਜੇਸ਼ ਅਗਰਵਾਲ ਇਸ ਗੱਲਬਾਤ ਦੇ ਮੁੱਖ ਵਾਰਤਾਕਾਰ ਹੋਣਗੇ।














