ਪਠਾਨਕੋਟ, 10 ਅਪ੍ਰੈਲ 2026 AJ DI Awaaj
ਵੱਲ,
ਮੈਗਜ਼ੀਨ ਸੰਪਾਦਕ,
ਮੈਗਜ਼ੀਨ ਸੈਕਸ਼ਨ,
ਰੋਜ਼ਾਨਾ ਅੱਜ ਦੀ ਆਵਾਜ਼,
ਜਲੰਧਰ।
ਸੱਚ ਦੇ ਅਧਾਰਤ
ਕਹਾਣੀ ਵਿਛੋੜਾ
_____________________________ ___
ਵਿਆਹ ਚਾਹੇ ਪਿਆਰ ਨਾਲ ਹੋਵੇ ਜਾਂ ਰਿਵਾਇਤਾਂ ਅਨੁਸਾਰ ਤੈਅ ਕੀਤਾ ਗਿਆ ਹੋਵੇ, ਹਰ ਰਿਸ਼ਤੇ ਦੀ ਅਸਲੀ ਤਾਕਤ ਸਮਝਦਾਰੀ, ਸਹਿਣਸ਼ੀਲਤਾ ਅਤੇ ਧੀਰਜ ਵਿੱਚ ਹੀ ਲੁਕੀ ਹੋਈ ਹੁੰਦੀ ਹੈ। ਪਰ ਜ਼ਿੰਦਗੀ ਕਈ ਵਾਰ ਅਜਿਹੇ ਅਣਹੋਣੇ ਮੋੜ ਵੀ ਲਿਆਉਂਦੀ ਹੈ, ਜਿੱਥੇ ਸਾਰੀ ਸਮਝਦਾਰੀ ਵੀ ਬੇਬਸ ਹੋ ਜਾਂਦੀ ਹੈ। ਕਿਸਮਤ ਆਪਣੇ ਰੰਗ ਇਸ ਤਰ੍ਹਾਂ ਬਦਲਦੀ ਹੈ ਕਿ ਹੱਸਦਾ-ਖੇਡਦਾ ਸੁਖੀ ਜੀਵਨ ਇਕ ਪਲ ਵਿੱਚ ਹੀ ਦਰਦ ਭਰੀ ਦਾਸਤਾਨ ਬਣ ਜਾਂਦਾ ਹੈ, ਜਿਸਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ, ਬਿਆਨ ਕਰਨਾ ਆਸਾਨ ਨਹੀਂ ਹੁੰਦਾ।
ਅਜਿਹੀ ਹੀ ਇੱਕ ਦਰਦਨਾਕ ਕਹਾਣੀ ਹੈ ਰਮੇਸ਼ ਦੀ। ਰਮੇਸ਼ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਹਿਮਾਚਲ ਦੇ ਇੱਕ ਸ਼ਹਿਰ ਵਿਚੋਂ ਜਾਂ ਕੇ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਫਰਮ ਵਿੱਚ ਨੌਕਰੀ ਕਰਦਾ ਸੀ। ਉਸੇ ਫਰਮ ਵਿੱਚ ਉਸਦੀ ਮੁਲਾਕਾਤ ਅੰਜੂਮਨਾ ਨਾਮ ਦੀ ਲੜਕੀ ਨਾਲ ਹੋਈ। ਇਕੱਠੇ ਕੰਮ ਕਰਦੇ ਕਰਦੇ ਦੋਵਾਂ ਦੇ ਦਿਲ ਮਿਲ ਗਏ ਅਤੇ ਉਹਨਾਂ ਨੇ ਆਪਣੇ ਪਰਿਵਾਰਾਂ ਦੀ ਮਰਜ਼ੀ ਤੋਂ ਬਿਨਾਂ ਹੀ ਪ੍ਰੇਮ ਵਿਆਹ ਕਰ ਲਿਆ।
ਕੁਝ ਸਮੇਂ ਬਾਅਦ ਦੋਵਾਂ ਨੇ ਹਿੰਮਤ ਕਰਕੇ ਆਪਣੇ-ਆਪਣੇ ਮਾਪਿਆਂ ਨੂੰ ਆਪਣੇ ਵਿਆਹ ਬਾਰੇ ਦੱਸ ਦਿੱਤਾ। ਦੋਵੇਂ ਪਾਸਿਆਂ ਦੇ ਮਾਪੇ ਇਹ ਸੁਣ ਕੇ ਹੈਰਾਨ ਤਾਂ ਹੋਏ, ਪਰ ਸਮੇਂ ਦੀ ਹਕੀਕਤ ਨੂੰ ਸਮਝਦੇ ਹੋਏ ਉਹਨਾਂ ਨੇ ਇਸ ਵਿਆਹ ਨੂੰ ਮੰਨ ਲਿਆ। ਅੱਜ ਕੱਲ੍ਹ ਜ਼ਿਆਦਾਤਰ ਮਾਪਿਆਂ ਦੀਆਂ ਸਰਫ਼ੇ ਦੀਆਂ ਔਲਾਦਾਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਖੁਸ਼ੀ ਅੱਗੇ ਮਾਪਿਆਂ ਨੂੰ ਆਪਣੀ ਇੱਛਾ ਝੁਕਾਉਣੀ ਪੈਂਦੀ ਹੈ।
ਛੇ ਮਹੀਨੇ ਬਾਅਦ ਰਮੇਸ਼ ਦੇ ਪਿਤਾ ਨੇ ਰਮੇਸ਼ ਨੂੰ ਅਤੇ ਉਸਦੀ ਪਤਨੀ ਨੂੰ ਆਪਣੇ ਕੋਲ ਆਉਣ ਲਈ ਕਿਹਾ। ਉਹਨਾਂ ਨੂੰ ਪਿਆਰ ਨਾਲ ਸਮਝਾਇਆ, “ਪੁੱਤਰ, ਅੱਡੇ ਵਿੱਚ ਸਾਡੀਆਂ ਪੰਜ ਦੁਕਾਨਾਂ ਹਨ, ਚੰਗਾ ਕਾਰੋਬਾਰ ਹੈ, ਰਹਿਣ ਲਈ ਵਧੀਆ ਕੋਠੀ ਹੈ। ਮੇਰੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ। ਤੁਸੀਂ ਦੋਵੇਂ ਆ ਜਾਓ, ਕਾਰੋਬਾਰ ਸੰਭਾਲ ਲਵੋ ਤਾਂ ਜ਼ੋ ਜੀਵਨ ਦੇ ਸੁਨਹਿਰੇ ਪਲ ਇਕੱਠੇ ਬਿਤਾ ਸਕੀਏ।”
ਮਾਪਿਆਂ ਦੀ ਗੱਲ ਸੁਣ ਕੇ ਰਮੇਸ਼ ਨੇ ਆਪਣੀ ਪਤਨੀ ਨਾਲ ਵਿਚਾਰ ਕੀਤਾ ਅਤੇ ਦੋਵੇਂ ਹਿਮਾਚਲ ਵਿੱਚ ਆਪਣੇ ਮਾਪਿਆਂ ਕੋਲ ਆ ਕੇ ਰਹਿਣ ਲੱਗ ਪਏ। ਰਮੇਸ਼ ਨੇ ਕਾਰੋਬਾਰ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਘਰ ਵਿੱਚ ਖੁਸ਼ੀਆਂ ਵੱਸ ਗਈਆਂ। ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਅਤੇ ਪਰਿਵਾਰ ਦੀ ਖੁਸ਼ੀ ਦੁਗਣੀ ਹੋ ਗਈ, ਪਰ ਕਈ ਵਾਰ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ।
ਕੁਝ ਮਹੀਨੇ ਬਾਅਦ ਅੰਜੂਮਨਾ ਦੀ ਭੈਣ ਨੇ ਉਸਦੇ ਮਨ ਵਿੱਚ ਇਹ ਗੱਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ, “ਤੂੰ ਚੰਡੀਗੜ੍ਹ ਵਰਗਾ ਵਧੀਆ ਸ਼ਹਿਰ ਛੱਡ ਕੇ ਹਿਮਾਚਲ ਦੇ ਪਿਛੜੇ ਇਲਾਕੇ ਵਿੱਚ ਕਿਉਂ ਰਹਿ ਰਹੀ ਹੈਂ? ਕਿਸੇ ਤਰ੍ਹਾਂ ਵਾਪਸ ਚੰਡੀਗੜ੍ਹ ਆ ਜਾ। ਕਹਿੰਦੇ ਹਨ ਕਿ ਚੁਗਲਖੋਰੀ ਪੱਥਰ ਵੀ ਪਾੜ ਦਿੰਦੀ ਹੈ। ਇੱਥੇ ਤਾਂ ਇੱਕ ਔਰਤ ਦਾ ਦਿਲ ਸੀ। ਹੌਲੀ-ਹੌਲੀ ਅੰਜੂਮਨਾ ਦੇ ਮਨ ਵਿੱਚ ਬੇਚੈਨੀ ਵੱਧਦੀ ਗਈ ਅਤੇ ਉਹ ਆਪਣੇ ਪਤੀ ਰਮੇਸ਼ ਅਤੇ ਉਸਦੇ ਪਰਿਵਾਰ ਨਾਲ ਖਿਝਣ ਲੱਗ ਪਈ। ਗੱਲਾਂ ਇੰਨੀ ਵਿਗੜ ਗਈਆਂ ਕਿ ਉਹ ਆਪਣੇ ਛੋਟੇ ਜਿਹੇ ਬੱਚੇ ਦੀ ਪਰਵਾਹ ਕੀਤੇ ਬਿਨਾਂ ਹੀ ਆਪਣੇ ਪੇਕੇ ਘਰ ਚੰਡੀਗੜ੍ਹ ਚਲੀ ਗਈ।
ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਦੋਵਾਂ ਦਾ ਤਲਾਕ ਹੋ ਗਿਆ।
ਬੱਚਾ ਰਮੇਸ਼ ਅਤੇ ਉਸਦੇ ਮਾਪਿਆਂ ਕੋਲ ਹੀ ਪਲਦਾ ਰਿਹਾ। ਦਾਦਾ-ਦਾਦੀ ਦੀ ਮਮਤਾ ਅਤੇ ਪਿਤਾ ਦੇ ਪਿਆਰ ਵਿੱਚ ਉਹ ਵੱਡਾ ਹੁੰਦਾ ਗਿਆ। ਪਰ ਲਗਭਗ ਦਸ-ਬਾਰਾਂ ਸਾਲ ਬਾਅਦ ਅੰਜੂਮਨਾ ਨੇ ਅਦਾਲਤ ਵਿੱਚ ਕੇਸ ਕਰ ਦਿੱਤਾ ਅਤੇ ਕਾਨੂੰਨੀ ਕਾਰਵਾਈ ਦੇ ਬਾਅਦ ਬੱਚੇ ਦੀ ਹਵਾਲਗੀ ਅੰਜੁਮਨਾ ਨੂੰ ਮਿਲ ਗਈ।
ਜਦੋਂ ਉਹ ਦਿਨ ਆਇਆ ਕਿ ਬੱਚੇ ਨੂੰ ਉਸਦੀ ਮਾਂ ਦੇ ਹਵਾਲੇ ਕਰਨਾ ਸੀ, ਤਾਂ ਰਮੇਸ਼, ਉਸਦੇ ਮਾਪੇ ਅਤੇ ਉਹ ਨਿੱਕਾ ਜਿਹਾ ਬੱਚਾ ਕਾਰ ਵਿੱਚ ਬੈਠ ਕੇ ਹਿਮਾਚਲ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਏ। ਰਸਤੇ ਭਰ ਉਹਨਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਇਸ ਤਰ੍ਹਾਂ ਵਹਿ ਰਹੇ ਸਨ ਜਿਵੇਂ ਸਮੁੰਦਰ ਦੀਆਂ ਬੇਕਾਬੂ ਲਹਿਰਾਂ ਉੱਠ ਰਹੀਆਂ ਹੋਣ। ਬੱਚਾ ਵੀ ਆਪਣੇ ਪਿਤਾ ਅਤੇ ਦਾਦਾ-ਦਾਦੀ ਤੋਂ ਵਿਛੋੜਾ ਸਹਿ ਨਹੀਂ ਸਕਦਾ ਸੀ। ਉਹ ਵਾਰ-ਵਾਰ ਉਹਨਾਂ ਨਾਲ ਲਿਪਟ ਜਾਂਦਾ, ਜਫੀਆਂ ਪਾਂਦਾ, ਰੋਂਦਾ ਹੋਇਆ ਕਹਿੰਦਾ, “ਮੈਂ ਮੰਮੀ ਕੋਲ ਨਹੀਂ ਜਾਣਾ… ਮੈਂ ਤੁਹਾਡੇ ਨਾਲ ਹੀ ਰਹਿਣਾ ਹੈ…” ਉਸ ਦੀ ਇਹ ਗੱਲ ਸੁਣ ਕੇ ਰਮੇਸ਼ ਅਤੇ ਉਸਦੇ ਮਾਪਿਆਂ ਦਾ ਦਿਲ ਹੋਰ ਵੀ ਕੰਬ ਉੱਠਦਾ।
ਚੰਡੀਗੜ੍ਹ ਪਹੁੰਚ ਕੇ ਜਦੋਂ ਨਿਰਧਾਰਿਤ ਸਮੇਂ ਅਤੇ ਸਥਾਨ ਤੇ ਬੱਚੇ ਨੂੰ ਅੰਜੂਮਨਾ ਦੇ ਹਵਾਲੇ ਕੀਤਾ ਗਿਆ, ਤਾਂ ਉਹ ਬੱਚਾ ਕਈ ਵਾਰ ਆਪਣੀ ਮਾਂ ਦਾ ਹੱਥ ਛੁਡਾ ਕੇ ਦੌੜਦਾ ਹੋਇਆ ਦਾਦਾ, ਦਾਦੀ ਅਤੇ ਆਪਣੇ ਪਿਤਾ ਦੇ ਗਲੇ ਲੱਗਦਾ ਰੋਂਦਾ ਕੁਰਲਾਉਂਦਾ। ਉਹ ਪਲ ਇੰਨੇ ਦਰਦਨਾਕ ਸਨ ਕਿ ਰਮੇਸ਼ ਅਤੇ ਉਸਦੇ ਮਾਪਿਆਂ ਨੂੰ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਜੀਵਨ ਦਾ ਸਭ ਤੋਂ ਕੀਮਤੀ ਅਨਮੋਲ ਹੀਰਾ ਉਹਨਾਂ ਤੋਂ ਖੋਹ ਗਿਆ ਹੋਵੇ। ਬੱਚੇ ਦਾ ਵਿਛੋੜਾ ਉਹਨਾਂ ਨੂੰ ਇਸ ਤਰ੍ਹਾਂ ਚੁੱਭ ਰਿਹਾ ਸੀ ਜਿਵੇਂ ਕਿਸੇ ਨੇ ਦਿਲ ਵਿੱਚ ਸਦਾ ਲਈ ਇਕ ਨਾ ਭਰਨ ਵਾਲਾ ਜ਼ਖ਼ਮ ਕਰ ਦਿੱਤਾ ਹੋਵੇ।
ਇਹ ਕਹਾਣੀ ਸਿਰਫ਼ ਇਕ ਪਰਿਵਾਰ ਦੀ ਨਹੀਂ, ਸਗੋਂ ਉਸ ਸੱਚਾਈ ਦੀ ਵੀ ਹੈ ਕਿ ਕਈ ਵਾਰ ਜ਼ਿੰਦਗੀ ਵਿੱਚ ਗਲਤ ਫੈਸਲੇ ਅਤੇ ਹੋਰਾਂ ਦੀਆਂ ਗੱਲਾਂ ਵਿੱਚ ਆ ਕੇ ਚੁੱਕੇ ਕਦਮ ਪੂਰੇ ਪਰਿਵਾਰ ਦੀ ਖੁਸ਼ੀ ਨੂੰ ਉਜਾੜ ਸਕਦੇ ਹਨ ਅਤੇ ਇਸ ਵਿੱਚ ਸਭ ਤੋਂ ਵੱਡੀ ਕੁਰਬਾਨੀ ਅਕਸਰ ਬੇਗੁਨਾਹ ਬੱਚਿਆਂ ਨੂੰ ਦੇਣੀ ਪੈਂਦੀ ਹੈ।
_____________________________ ____
ਪੇਸ਼ਕਸ਼
ਲੇਖਕ: ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਮੋ: ਨੂੰ: 9417427656
ਪੂਰਾ ਪਤਾ: ਉੱਤਮ ਗਾਰਡਨ ਕਲੋਨੀ,
ਮਨਵਾਲ ਪਠਾਨਕੋਟ (ਪੰਜਾਬ)














