ਸ਼੍ਰੀ ਅਨੰਦਪੁਰ ਸਾਹਿਬ 05 ਸਤੰਬਰ 2025 AJ DI Awaaj
Punjab Deskਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਹਰ ਨਾਗਰਿਕ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਵੱਲੋਂ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਭਾਰੀ ਬਰਸਾਤ ਕਾਰਨ ਮਕਾਨਾਂ ਦੀਆਂ ਛੱਤਾਂ, ਪਾਰਕਾਂ, ਖਾਲੀ ਪਈਆਂ ਇਮਾਰਤਾਂ ਆਦਿ ਥਾਵਾਂ ਤੇ ਪਏ ਨਾ-ਵਰਤਣਯੋਗ ਬਰਤਨਾਂ ਵਿੱਚ ਪਾਣੀ ਭਰ ਜਾਂਦਾ ਹੈ ਜੋ ਕਿ ਡੇਂਗੂ ਦੇ ਮੱਛਮ ਦੀ ਪੈਦਾਵਾਰ ਵਿੱਚ ਬੜੀ ਤੇਜ਼ੀ ਨਾਲ਼ ਵਾਧਾ ਕਰਦਾ ਹੈ। ਇਹ ਜਾਣਕਾਰੀ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ, ਸਬ ਡਵੀਜ਼ਨਲ ਹਸਪਤਾਲ਼ ਸ਼੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਦੇ ਖੇਤਰ ਵਿੱਚ ਹੈਲਥ ਇੰਸਪੈਕਟਰ ਬਲਵੰਤ ਰਾਏ ਅਤੇ ਟੀਮ ਨਾਲ਼ ਵੱਖ-ਵੱਖ ਥਾਵਾਂ ਤੇ ਡੇਂਗੂ ਜਾਗਰੂਕਤਾ ਸੈਮੀਨਾਰ ਲਗਾਏ ਗਏ। ਉਹਨਾਂ ਦੱਸਿਆ ਕਿ ਇਹ ਬੁਖਾਰ ਏਡੀਜ਼ ਮੱਛਰ ਦੇ ਕੱਟਣ ਨਾਲ਼ ਹੁੰਦਾ ਹੈ ਜਿਸ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਭਗ 3-4 ਦਿਨਾਂ ਬਾਅਦ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਹਨਾਂ ਦਾ ਸਮੇਂ-ਸਮੇਂ ਤੇ ਇਲਾਜ਼ ਹੋਣ ਨਾਲ਼ ਹਾਲਾਤ ਕਾਬੂ ਵਿੱਚ ਰਹਿ ਸਕਦੇ ਹਨ, ਨਹੀਂ ਤਾਂ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖਾਰ ਹੋਣ ਤੇ ਤੇਜ਼ ਠੰਡ ਲੱਗਦੀ ਹੈ, ਇਸ ਦੇ ਨਾਲ਼ ਹੀ ਸਿਰ ਦਰਦ, ਕਮਰ ਦਰਦ, ਅੱਖਾਂ ਵਿੱਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ ਵਿੱਚ ਦਰਦ ਤੋਂ ਇਲਾਵਾ ਉਲਟੀਆਂ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਹੱਥਾਂ ਪੈਰਾਂ ਵਿੱਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿੱਚ ਦਰਦ, ਸਿਰਦਰਦ, ਕਮਜ਼ੋਰੀ ਆਦਿ ਲੱਛਣ ਆਮ ਹੁੰਦੇ ਹਨ। ਪਰ ਜੇ ਸਮੇਂ ਸਿਰ ਸਥਿਤੀ ਤੇ ਕਾਬੂ ਨਾ ਪਾਇਆ ਜਾਵੇ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਇਸ ਮੌਕੇ ਮੈਡੀਕਲ ਅਫਸਰ ਡਾ. ਰਣਬੀਰ ਸਿੰਘ, ਮੈਡੀਕਲ ਅਫਸਰ ਡਾ. ਸੂਰਜ ਨੇ ਲੋਕਾਂ ਨੂੰ ਡੇਂਗੂ ਸਬੰਧੀ ਜਰੂਰੀ ਅਹਿਤਿਆਤ ਵਰਤਣ ਲਈ ਕਿਹਾ ਅਤੇ ਦੱਸਿਆ ਕਿ ਡੇਂਗੂ ਦੇ ਟੈਸਟ ਅਤੇ ਦਵਾਈ ਹਰ ਸਰਕਾਰੀ ਹਸਪਤਾਲ਼ ਵਿੱਚ ਬਿਲਕੁਲ ਮੁਫਤ ਹਨ।
ਬਲਵੰਤ ਰਾਏ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮਲਟੀਪਰਪਜ਼ ਹੈਲਥ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ‘ਫਰਾਈ ਡੇ, ਇਜ਼ ਏ ਡ੍ਰਾਈ ਡੇ’ ਬਾਰੇ ਸਮਝਾਉਂਦੇ ਹਨ, ਤਾਂ ਜੋ ਲੋਕ ਸਤਰਕ ਰਹਿਣ ਅਤੇ ਹਰ ਹਫਤੇ ਆਪਣੇ ਘਰਾਂ ਵਿੱਚ ਕੂਲਰਾਂ ਦੇ ਪਾਣੀ ਨੂੰ ਬਦਲਣ ਅਤੇ ਘਰਾਂ ਦੀਆਂ ਛੱਤਾਂ ਉੱਪਰ ਟੁੱਟੇ-ਫੁੱਟੇ ਬਰਤਨ ਨਾ ਸੁੱਟਣ ਤਾਂ ਕਿ ਉਹਨਾਂ ਵਿੱਚ ਬਰਸਾਤੀ ਪਾਣੀ ਜਮ੍ਹਾਂ ਨਾ ਹੋਵੇ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸੁੱਚਾ ਸਿੰਘ, ਬਰਿੰਦਰ ਕੁਮਾਰ, ਸੀਮਾ ਦੇਵੀ, ਕੁਲਵਿੰਦਰ ਕੌਰ, ਬਿੰਦੀਆ ਪ੍ਰਾਸ਼ਰ ਹਾਜ਼ਰ ਸਨ।
