ਹੈਪਾਟਾਇਟਸ ਤੋਂ ਬਚਾਅ ਲਈ ਸਮੇਂ ਸਿਰ ਇਲਾਜ ਅਤੇ ਸਾਵਧਾਨੀਆਂ ਜ਼ਰੂਰੀ

7
ਬਰਨਾਲਾ, 28 ਜੁਲਾਈ 2025 Aj DI Awaaj

Punjab Desk : ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਹੈਪਾਟਾਇਟਸ ਦਿਵਸ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ‘ਚ ਮਨਾਇਆ ਗਿਆ। ਇਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੋਸਟਰ ਜਾਰੀ ਕਰਦਿਆਂ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਹੈਪਾਟਾਇਟਸ ਤੋਂ ਬਚਾਅ ਲਈ ਸਾਨੂੰ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਤਾਂ ਜੋ ਸਮੇਂ ਸਿਰ ਇਸ ਦਾ ਪਤਾ ਲਗਾ ਕੇ ਇਲਾਜ ਕਰਵਾਇਆ ਜਾ ਸਕੇ।

ਡਾ.ਦੀਪਲੇਖ ਬਾਜਵਾ ਐਮ ਡੀ ਮੈਡੀਸਨ ਸਿਵਲ ਹਸਪਤਾਲ ਬਰਨਾਲਾ ਅਤੇ ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਹੈਪਾਟਾਇਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ।ਸਮੇਂ ਸਿਰ ਇਲਾਜ ਨਾਂ ਕਰਵਾਉਣਾ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ। ਹੈਪਾਟਾਇਟਸ ਦਾ ਟੈਸਟ ਸਰਜਰੀ ਤੋਂ ਪਹਿਲਾਂ, ਦੰਦਾਂ ਦੇ ਇਲਾਜ ਸਮੇ, ਖ਼ੂਨ-ਦਾਨ ਸਮੇਂ ਅਤੇ ਉੱਚ ਜੋਖਿਮ ਵਾਲੇ ਮਰੀਜਾਂ, ਟੈਟੂ ਖੁਦਵਾਉਣ ਵਾਲੇ, ਗਰਭਵਤੀ ਔਰਤਾਂ ਤੇ ਹੈਲਥ ਕੇਅਰ ਵਰਕਰ ਨੂੰ ਇਹ ਟੈਸਟ ਜ਼ਰੂਰ ਕਰਵਾਉਣ ਚਾਹੀਦਾ ਹੈ।

ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਹੈਪਾਟਾਇਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ, ਗਲੇ ਸੜੇ ਫਲ ਖਾਣ, ਮੱਖੀਆਂ ਦੁਆਰਾਂ ਦੂਸ਼ਿਤ ਫਲ ਜਾਂ ਖਾਣਾ ਖਾਣ ਨਾਲ ਜਾਂ ਬਿਨਾਂ ਹੱਥ ਧੋਏ ਖਾਣਾ-ਖਾਣ ਨਾਲ ਫੈਲਦਾ ਹੈ। ਉਨ੍ਹਾਂ ਕਿਹਾ ਇਸਦੇ ਲੱਛਣ ਹਲਕਾ ਬੁਖ਼ਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ, ਭੁੱਖ ਨਾ ਲਗਣਾ ਅਤੇ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਕਰਨਾ ਅਤੇ ਜਿਗਰ ਖ਼ਰਾਬ ਹੋਣਾ ਆਦਿ ਹੋ ਸਕਦੇ ਹਨ। ਜੇਕਰ ਕਿਸੇ ਨੂੰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।

ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ, ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ, ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਹੈਪਾਟਾਇਟਸ ਬੀ ਅਤੇ ਸੀ (ਕਾਲਾ ਪੀਲੀਆ) ਬਹੁਤ ਗੰਭੀਰ ਰੋਗ ਹੈ ਜੇਕਰ ਕਿਸੇ ਨੂੰ ਵੀ ਹੈਪੇਟਇਟਸ ਦੇ ਲੱਛਣ ਦਿਖਾਈ ਦੇਣ ਤਾਂ ਘਰੇਲੂ ਇਲਾਜ ਜਾਂ ਧਾਗੇ ਤਵੀਤਾਂ ਦੀ ਬਜਾਏ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਹੈਪਾਟਾਇਟਸ-ਸੀ ਦੀ ਜਾਂਚ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਨਵਜੰਮੇ ਬੱਚੇ ਨੂੰ ਹੈਪਾਟਾਇਟਸ ਦੀ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਸਿਹਤ ਕਰਮਚਾਰੀ ਮਨਪ੍ਰੀਤ ਸਰਮਾ, ਵਿਪਨ ਕੁਮਾਰ ਅਤੇ ਆਸ਼ਾ ਹਾਜ਼ਰ ਸਨ ।