ਕਬੱਡੀ, ਜਿਮਨਾਸਟਿਕ, ਖੋ-ਖੋ ਅਤੇ ਤਲਵਾਰਬਾਜ਼ੀ ਦੇ ਪੁਰਸ਼ ਤੇ ਮਹਿਲਾ ਵਰਗ ਦੇ ਹੋਣਗੇ ਮੁਕਾਬਲੇ

15

ਜਲੰਧਰ ਵਿਖੇ ਪਹਿਲੇ ਆਲ ਇੰਡੀਆ ਪੁਲਿਸ ਕਬੱਡੀ ਕਲੱਸਟਰ ਦੀ ਸ਼ੁਰੂਆਤ                                                 ਜਲੰਧਰ, 4 ਮਾਰਚ 2025 Aj Di Awaaj

ਪੰਜਾਬ ਪੁਲਿਸ ਵੱਲੋਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ 6 ਮਾਰਚ, 2025 ਤੱਕ ਪੀ.ਏ.ਪੀ. ਹੈੱਡਕੁਆਰਟਰ, ਜਲੰਧਰ ਵਿਖੇ ਪਹਿਲਾ ਆਲ ਇੰਡੀਆ ਪੁਲਿਸ ਕਬੱਡੀ ਕਲੱਸਟਰ-2024-25 ਕਰਵਾਇਆ ਜਾ ਰਿਹਾ ਹੈ।

ਇਸ ਕਲੱਸਟਰ ਦੌਰਾਨ ਕਬੱਡੀ, ਜਿਮਨਾਸਟਿਕ, ਖੋ-ਖੋ ਅਤੇ ਤਲਵਾਰਬਾਜ਼ੀ ਦੇ ਪੁਰਸ਼ ਅਤੇ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਰਾਜ ਪੁਲਿਸ ਬਲਾਂ, ਪੀ.ਐਮ.ਐਫ. ਅਤੇ ਯੂਟੀ ਦੇ ਲਗਭਗ 1600 ਭਾਗੀਦਾਰਾਂ ਨਾਲ ਸਬੰਧਤ ਕੁੱਲ 29 ਟੀਮਾਂ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ।

ਅੱਜ ਕਲੱਸਟਰ ਦੇ ਉਦਘਾਟਨੀ ਸਮਾਰੋਹ ਦੌਰਾਨ ਏ.ਡੀ.ਜੀ.ਪੀ./ਸਟੇਟ ਆਰਮਡ ਪੁਲਿਸ ਅਤੇ ਸੈਂਟਰਲ ਸਪੋਰਟਸ ਅਫ਼ਸਰ ਐਮ.ਐਫ. ਫਾਰੂਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡੀ.ਆਈ.ਜੀ./ਪ੍ਰਸ਼ਾਸਨ ਪੀਏਪੀ-ਕਮ-ਆਰਗੇਨਾਈਜ਼ਿੰਗ ਸਕੱਤਰ ਇੰਦਰਬੀਰ ਸਿੰਘ ਨੇ ਮੁੱਖ ਮਹਿਮਾਨ ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ, ਡੀ.ਆਈ.ਜੀ., ਪੀ.ਏ.ਪੀ.-2, ਰਾਜਪਾਲ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਜੀ ਆਇਆਂ ਨੂੰ ਕਿਹਾ।

ਸਮਾਰੋਹ ਨੂੰ ਸੰਬੋਧਨ ਕਰਨ ਉਪਰੰਤ ਮੁੱਖ ਮਹਿਮਾਨ ਵੱਲੋਂ ਕਲੱਸਟਰ ‘ਓਪਨ’ ਦਾ ਐਲਾਨ ਕੀਤਾ ਗਿਆ।

ਪੰਜਾਬ ਪੁਲਿਸ ਦੀ ਅੰਤਰਰਾਸ਼ਟਰੀ ਕਬੱਡੀ ਖਿਡਾਰਣ ਏ.ਐਸ.ਆਈ ਰਣਦੀਪ ਕੌਰ ਨੇ ਸਾਰੇ ਪ੍ਰਤੀਯੋਗੀਆਂ ਦੀ ਤਰਫੋਂ ਸਹੁੰ ਚੁੱਕੀ। ਅਖੀਰ ਵਿੱਚ ਨਵਜੋਤ ਸਿੰਘ ਮਾਹਲ, ਕਮਾਂਡੈਂਟ-ਕਮ-ਖੇਡ ਸਕੱਤਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਵੇਕ ਸ਼ੀਲ ਸੋਨੀ ਕਮਾਂਡੈਂਟ, ਨਰੇਸ਼ ਕੁਮਾਰ ਡੋਗਰਾ ਏ.ਆਈ.ਜੀ., ਮਨਜੀਤ ਸਿੰਘ, ਏ.ਆਈ.ਜੀ., ਗੁਰਤੇਜਿੰਦਰ ਸਿੰਘ ਔਲਖ ਕਮਾਂਡੈਂਟ, ਮਨਦੀਪ ਸਿੰਘ ਕਮਾਂਡੈਂਟ, ਕਰਤਾਰ ਸਿੰਘ ਸੇਵਾਮੁਕਤ ਆਈ.ਪੀ.ਐਸ ਅਤੇ ਹੋਰ ਅਧਿਕਾਰੀ ਮੌਜੂਦ ਸਨ।