ਫਾਜ਼ਿਲਕਾ ਜ਼ਿਲ੍ਹੇ ਵਿਚ ਫਿਲਹਾਲ ਹੜ੍ਹ ਦਾ ਕੋਈ ਖਤਰਾ ਨਹੀਂ, ਪ੍ਰਸਾਸਨ ਮੁਸਤੈਦ

14

ਫਾਜਿਲ਼ਕਾ 16 ਜੁਲਾਈ 2025 AJ DI Awaaj

Punjab Desk : ਫਾਜ਼ਿਲਕਾ ਜ਼ਿਲ੍ਹੇ ਵਿਚ ਫਿਲਹਾਲ ਹੜ੍ਹ ਦਾ ਕੋਈ ਖਤਰਾ ਨਹੀਂ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਹੈ। ਜ਼ਿਲ੍ਹੇ ਦੇ ਲੋਕ ਕਿਸੇ ਘਬਰਾਹਟ ਵਿਚ ਨਾ ਆਉਣ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗੇਤੇ ਹੜ੍ਹ ਰੋਕੂ ਪ੍ਰਬੰਧ ਕਰਨ ਲਈ ਦੋ ਮੀਟਿੰਗਾਂ ਕਰਕੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰ ਲਈ ਹੈ ਅਤੇ ਪ੍ਰਸ਼ਾਸਨ ਕੋਲ ਕਿਸੇ ਵੀ ਆਫਤ ਨਾਲ ਨਜਿੱਠਣ ਲਈ ਪੂਰੀ ਤਿਆਰੀ ਹੈ ਅਤੇ ਲੋੜੀਂਦਾ ਸਾਜੋ ਸਮਾਨ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ।
ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਨਡੀਆਰਐਫ ਵੱਲੋਂ ਅੱਜ ਜੋ ਮੌਕ ਡਰਿੱਲ ਕੀਤੀ ਗਈ ਹੈ ਉਸਦਾ ਹੜ੍ਹਾਂ ਦੇ ਕਿਸੇ ਤਾਜਾ ਖ਼ਤਰੇ ਨਾਲ ਸਬੰਧ ਨਹੀਂ ਹੈ ਸਗੋਂ ਇਹ ਐਨਡੀਆਰਐਫ ਦੀ ਇਕ ਸਾਲਾਨਾ ਕਸਰਤ ਹੈ ਅਤੇ ਹਰ ਸਾਲ ਹੁੰਦੀ ਹੈ। ਇਸਦਾ ਉਦੇਸ਼ ਸਰਕਾਰੀ ਮਸ਼ੀਨਰੀ ਨੂੰ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਦੀ ਸਿਖਲਾਈ ਦੇਣਾ ਹੁੰਦਾ ਹੈ। ਇਸ ਲਈ ਇਸ ਡਰਿੱਲ ਨੂੰ ਹੜ੍ਹਾਂ ਦੇ ਖਤਰੇ ਨਾਲ ਜੋੜ ਕੇ ਨਾ ਵੇਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡ੍ਰੇਨਜ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਡੈਮਾਂ ਅਤੇ ਹਰੀਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਵੱਧਣ ਤੇ ਅਗਾਊਂ ਤੌਰ ਤੇ ਸੂਚਿਤ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਜਰੂਰਤ ਅਨੁਸਾਰ ਲੋਕਾਂ ਨੂੰ ਵੀ ਜਾਣਕਾਰੀ ਦੇ ਸਕੇ ਅਤੇ  ਉਸੇ ਅਨੁਸਾਰ ਸਾਰੇ ਪ੍ਰਬੰਧ ਕਰ ਸਕੇ।
ਓਧਰ ਡ੍ਰੇਨਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਫਿਲਹਾਲ ਡੈਮਾਂ ਤੋਂ ਕੋਈ ਪਾਣੀ ਸਤਲੁਜ ਵਿਚ ਨਹੀਂ ਆ ਰਿਹਾ ਹੈ ਅਤੇ ਇਹ ਬਰਸਾਤੀ ਪਾਣੀ ਹੈ ਅਤੇ ਮੁਹਾਰ ਜਮਸੇਰ ਪਿੰਡ ਵਿਚ ਵੀ ਦਰਿਆ ਦਾ ਪਾਣੀ ਨਹੀਂ ਆਇਆ ਹੈ ਸਗੋਂ ਖੇਤਾਂ ਵਿਚ ਸਿਰਫ ਮੀਂਹ ਦਾ ਪਾਣੀ ਹੈ। ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਹੈ ਅਤੇ ਵਿਭਾਗ ਹਰ ਸਥਿਤੀ ਤੇ ਨੇੜਿਓਂ ਨਜਰ ਰੱਖ ਰਿਹਾ ਹੈ ਅਤੇ ਕਿਸੇ ਪ੍ਰਕਾਰ ਦੇ ਡਰ ਦੀ ਗੋਈ ਗੱਲ ਨਹੀਂ ਹੈ।