ਬਰਮਿੰਘਮ 02 july 2025 AJ DI Awaaj
ਬਰਮਿੰਘਮ: ਭਾਰਤ ਅਤੇ ਇੰਗਲੈਂਡ ਵਿਚਕਾਰ ਅੱਜ 2 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਠੀਕ ਪਹਿਲਾਂ, ਇੱਕ ਸੁਰੱਖਿਆ ਸੰਬੰਧੀ ਘਟਨਾ ਕਾਰਨ ਟੀਮ ਇੰਡੀਆ ਨੂੰ ਹੋਟਲ ‘ਚ ਹੀ ਰਹਿਣ ਦੀ ਸਲਾਹ ਦਿੱਤੀ ਗਈ। ਸੈਂਟੇਨਰੀ ਸਕੁਏਅਰ, ਜੋ ਕਿ ਟੀਮ ਦੇ ਹੋਟਲ ਦੇ ਨੇੜੇ ਹੈ, ਉੱਥੇ ਇੱਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਪੁਲਸ ਨੇ ਲਾਕਡਾਊਨ ਜਿਹੀ ਸਥਿਤੀ ਪੈਦਾ ਕਰ ਦਿੱਤੀ।
ਮੰਗਲਵਾਰ ਦੁਪਹਿਰ ਲਗਭਗ 3 ਵਜੇ ਬਰਮਿੰਘਮ ਸਿਟੀ ਸੈਂਟਰ ਪੁਲਸ ਨੂੰ ਸ਼ੱਕੀ ਪੈਕੇਜ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਕਾਰਵਾਈ ਤੁਰੰਤ ਸ਼ੁਰੂ ਹੋ ਗਈ। ਪੁਲਸ ਨੇ ਇਲਾਕਾ ਘੇਰ ਲਿਆ ਅਤੇ ਕਈ ਇਮਾਰਤਾਂ ਨੂੰ ਸਾਵਧਾਨੀ ਵਜੋਂ ਖਾਲੀ ਕਰਵਾਇਆ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਰੀ ਕੀਤੇ ਗਏ ਬਿਆਨ ਵਿਚ ਪੁਲਸ ਨੇ ਲੋਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਸੂਚਨਾ ਤੋਂ ਤੁਰੰਤ ਬਾਅਦ, ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹੋਟਲ ਤੋਂ ਬਾਹਰ ਨਾ ਜਾਣ ਦੀ ਹਿਦਾਇਤ ਦਿੱਤੀ ਗਈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ।
ਹਾਲਾਂਕਿ, ਇਕ ਘੰਟੇ ਦੀ ਜਾਂਚ ਉਪਰੰਤ, ਪੁਲਸ ਵੱਲੋਂ ਸੁਰੱਖਿਆ ਘੇਰਾ ਹਟਾ ਦਿੱਤਾ ਗਿਆ ਅਤੇ ਖਤਰੇ ਦੀ ਪੁਸ਼ਟੀ ਨਾ ਹੋਣ ‘ਤੇ ਸਥਿਤੀ ਆਮ ਹੋ ਗਈ।
ਭਾਰਤ ਲਈ ਇਹ ਟੈਸਟ ਮੈਚ ਕਾਫੀ ਮਹੱਤਵਪੂਰਨ ਹੈ, ਕਿਉਂਕਿ ਟੀਮ ਨੇ ਸੀਰੀਜ਼ ਦੇ ਪਹਿਲੇ ਮੈਚ ਵਿੱਚ 5 ਵਿਕਟਾਂ ਨਾਲ ਹਾਰ ਝੱਲੀ ਸੀ। ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਟੀਮ ਇੰਡੀਆ ਉਮੀਦ ਕਰ ਰਹੀ ਹੈ ਕਿ ਇਸ ਮੈਚ ਰਾਹੀਂ ਉਹ ਵਾਪਸੀ ਕਰੇਗੀ ਅਤੇ ਸੀਰੀਜ਼ ਵਿਚ ਬਰਾਬਰੀ ਹਾਸਲ ਕਰੇਗੀ।
ਇਸ ਘਟਨਾ ਨੇ ਮੈਚ ਤੋਂ ਪਹਿਲਾਂ ਟੀਮ ਦੀ ਤਿਆਰੀਆਂ ‘ਤੇ ਤਾਂ ਅਸਰ ਨਹੀਂ ਪਾਇਆ, ਪਰ ਸੁਰੱਖਿਆ ਸੰਬੰਧੀ ਚਿੰਤਾਵਾਂ ਜ਼ਰੂਰ ਵਧਾ ਦਿੱਤੀਆਂ ਹਨ।
