ਭਾਰਤ ਦੀ ਉਹ ਨਦੀ ਜਿਸ ਵਿੱਚੋਂ ਨਿਕਲਦਾ ਹੈ ਸੋਨਾ

56

ਭਾਰਤ 17 Nov 2025 AJ DI Awaaj

National Desk : ਭਾਰਤ ਦੀਆਂ ਕਈ ਨਦੀਆਂ ਮਿਥਿਹਾਸ ਅਤੇ ਰਵਾਇਤਾਂ ਨਾਲ ਜੁੜੀਆਂ ਹਨ, ਪਰ ਸੁਬਰਨਰੇਖਾ ਨਦੀ ਆਪਣੀ ਵਿਲੱਖਣ ਪਛਾਣ ਕਾਰਨ ਖਾਸ ਧਿਆਨ ਖਿੱਚਦੀ ਹੈ। ਇਸਦੇ ਨਾਮ ਦਾ ਅਰਥ ਹੈ “ਸੋਨੇ ਦੀ ਰੇਖਾ”, ਅਤੇ ਇਹ ਨਾਮ ਸੱਚਮੁੱਚ ਇਸਦੀ ਖਾਸੀਅਤ ਨੂੰ ਦਰਸਾਉਂਦਾ ਹੈ। ਸਦੀਆਂ ਤੋਂ ਇਸ ਨਦੀ ਦੀ ਰੇਤ ਅਤੇ ਪਾਣੀ ਵਿੱਚ ਅਸਲੀ ਸੋਨੇ ਦੇ ਬਰੀਕ ਕਣ ਮਿਲਦੇ ਆ ਰਹੇ ਹਨ।

ਕਿੱਥੇ ਵਗਦੀ ਹੈ ਸੁਬਰਨਰੇਖਾ ਨਦੀ?

ਸੁਬਰਨਰੇਖਾ ਝਾਰਖੰਡ, ਪੱਛਮੀ ਬੰਗਾਲ ਅਤੇ ਓਡੀਸ਼ਾ ਵਿਚੋਂ ਲਗਭਗ 474 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਇਹ ਝਾਰਖੰਡ ਦੇ ਰਾਂਚੀ ਨੇੜੇ ਨਿਕਲਦੀ ਹੈ ਅਤੇ ਬੰਗਾਲ ਦੀ ਖਾੜੀ ਵਿੱਚ ਜਾ ਮਿਲਦੀ ਹੈ। ਝਾਰਖੰਡ ਦਾ ਰਤਨਗਰਭ ਖੇਤਰ, ਜਿਸ ਵਿਚ ਨਦੀ ਵਗਦੀ ਹੈ, ਸੋਨੇ ਦੇ ਕਣਾਂ ਲਈ ਮਸ਼ਹੂਰ ਹੈ।

ਨਦੀ ਤੋਂ ਕਿਵੇਂ ਕੱਢਿਆ ਜਾਂਦਾ ਹੈ ਸੋਨਾ?

ਇਸ ਖੇਤਰ ਦੇ ਆਦਿਵਾਸੀ ਭਾਈਚਾਰੇ ਪੀੜ੍ਹੀਆਂ ਤੋਂ ਸੋਨੇ ਦੇ ਕਣ ਇਕੱਠੇ ਕਰਨ ਦੇ ਕੰਮ ਨਾਲ ਜੁੜੇ ਹਨ। ਤਾਮਾਰ ਅਤੇ ਸਾਰੰਡਾ ਖੇਤਰਾਂ ਵਿੱਚ ਲੋਕ ਛਾਨਣੀਆਂ ਰਾਹੀਂ ਨਦੀ ਦੀ ਰੇਤ ਛਾਨਦੇ ਹਨ। ਚੌਲ ਦੇ ਦਾਣਿਆਂ ਜਿੰਨੇ ਨਿੱਕੇ ਸੋਨੇ ਦੇ ਕਣ ਬਹੁਤ ਮਿਹਨਤ ਨਾਲ ਪ੍ਰਾਪਤ ਹੁੰਦੇ ਹਨ। ਸਾਲ ਦੇ 10 ਮਹੀਨੇ ਇਹ ਕੰਮ ਜਾਰੀ ਰਹਿੰਦਾ ਹੈ, ਬਰਸਾਤ ਦੇ ਮੌਸਮ ਨੂੰ ਛੱਡ ਕੇ।

ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ

ਮੰਨਿਆ ਜਾਂਦਾ ਹੈ ਕਿ ਰਾਂਚੀ ਦੇ ਪਿਸਕਾ ਖੇਤਰ ਵਿੱਚ ਕਦੇ ਸੋਨੇ ਦੀਆਂ ਖਾਣਾਂ ਸੀ, ਜਿੱਥੋਂ ਕੱਢਿਆ ਸੋਨਾ ਸਥਾਨਕ ਸੁਨਿਆਰਿਆਂ ਦੁਆਰਾ ਗਹਿਣਿਆਂ ਵਿੱਚ ਵਰਤਿਆ ਜਾਂਦਾ ਸੀ।

ਸੁਬਰਨਰੇਖਾ ਦਾ ਜ਼ਿਕਰ ਰਬਿੰਦਰਨਾਥ ਟੈਗੋਰ, ਬਿਭੂਤੀਭੂਸ਼ਣ ਬੰਦੋਪਾਧਿਆਏ ਸਹਿਤ ਕਈ ਪ੍ਰਸਿੱਧ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ਵੀ ਮਿਲਦਾ ਹੈ। ਫਿਲਮਕਾਰ ਰਿਤਵਿਕ ਘਟਕ ਨੇ ਆਪਣੀਆਂ ਮਸ਼ਹੂਰ ਫਿਲਮਾਂ ਵਿਚੋਂ ਇੱਕ ਦਾ ਨਾਮ ਵੀ “ਸੁਬਰਨਰੇਖਾ” ਇਸ ਨਦੀ ਤੋਂ ਪ੍ਰੇਰਿਤ ਰੱਖਿਆ ਸੀ।

ਸੋਨੇ ਦੀਆਂ ਇਹ ਕਹਾਣੀਆਂ, ਨਦੀ ਦਾ ਇਤਿਹਾਸ ਅਤੇ ਲੋਕਾਂ ਦੀ ਰਵਾਇਤੀ ਖੋਜ ਪ੍ਰਕਿਰਿਆ ਸੁਬਰਨਰੇਖਾ ਨੂੰ ਭਾਰਤ ਦੀਆਂ ਸਭ ਤੋਂ ਵਿਲੱਖਣ ਨਦੀਆਂ ਵਿੱਚੋਂ ਇੱਕ ਬਣਾ ਦਿੰਦੀਆਂ ਹਨ।