ਤਸਵੀਰਾਂ ਵਿੱਚ ਜੀ ਉੱਠੀ ਮਾਲੇਰਕੋਟਲਾ ਦੀ ਅਮੀਰ ਵਿਰਾਸਤ

14

ਮਾਲੇਰਕੋਟਲਾ, 14 ਫਰਵਰੀ 2026 AJ DI Awaaj

Punjab Desk :  “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਦੌਰਾਨ ਜਿੱਥੇ ਇੱਕ ਪਾਸੇ ਮਹਿਲਾ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਰਾਹੀਂ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਸੂਫ਼ੀ ਸੰਗੀਤ ਦੀਆਂ ਰੂਹਾਨੀ ਪੇਸ਼ਕਾਰੀਆਂ ਦਰਸ਼ਕਾਂ ਨੂੰ ਮੋਹ ਰਹੀਆਂ ਹਨ, ਉੱਥੇ ਹੀ ਪ੍ਰਸਿੱਧ ਫੋਟੋਗ੍ਰਾਫਰ ਰਵਿੰਦਰ ਰਵੀ ਵੱਲੋਂ ਲਗਾਈ ਗਈ ਫੋਟੋ ਪ੍ਰਦਰਸ਼ਨੀ ਖਾਸ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।

                    ਇਹ ਪ੍ਰਦਰਸ਼ਨੀ ਮਾਲੇਰਕੋਟਲਾ ਦੀ ਅਮੀਰ ਸੱਭਿਆਚਾਰਕ ਧਰੋਹਰ, ਇਤਿਹਾਸਕ ਵਿਰਾਸਤ ਅਤੇ ਰਵਾਇਤੀ ਜੀਵਨ-ਸ਼ੈਲੀ ਨੂੰ ਜੀਵੰਤ ਰੂਪ ਵਿੱਚ ਪੇਸ਼ ਕਰ ਰਹੀ ਹੈ। ਪੰਡਾਲ ਅੰਦਰ ਨੌਜਵਾਨਾਂ ਦੀ ਵੱਡੀ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਜੇਕਰ ਅਜਿਹੇ ਸੱਭਿਆਚਾਰਕ ਉਪਰਾਲੇ ਨਿਰੰਤਰ ਕੀਤੇ ਜਾਣ ਤਾਂ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਮਜ਼ਬੂਤੀ ਨਾਲ ਜੋੜਿਆ ਜਾ ਸਕਦਾ ਹੈ।

                    ਪ੍ਰਦਰਸ਼ਨੀ ਵਿੱਚ ਸੂਫ਼ੀ ਮੱਤ ਨਾਲ ਸਬੰਧਤ ਪ੍ਰਮੁੱਖ ਸੰਤਾਂ, ਕਵਾਲਾਂ ਅਤੇ ਲੇਖਕਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਮਾਲੇਰਕੋਟਲਾ ਦੇ ਰਵਾਇਤੀ ਕਾਰੋਬਾਰਾਂ ਦੀ ਵੀ ਸੁੰਦਰ ਝਲਕ ਪੇਸ਼ ਕੀਤੀ ਗਈ ਹੈ। ਇਨ੍ਹਾਂ ਵਿੱਚ ਲੋਹੇ ਦੇ ਭਾਂਡੇ ਤਿਆਰ ਕਰਨ ਵਾਲੇ ਕਾਰੀਗਰ, ਰਵਾਇਤੀ ਜੁੱਤੀ ਸਾਜ਼, ਸਬਜ਼ੀਆਂ ਦਾ ਉਤਪਾਦਨ ਅਤੇ ਫੌਜੀ ਵਰਦੀਆਂ ਲਈ ਬੈਜ ਤਿਆਰ ਕਰਨ ਵਾਲੇ ਹੁਨਰਮੰਦ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ, ਸੱਤ ਦਰਵਾਜ਼ੇ ਅਤੇ ਹੋਰ ਪ੍ਰਸਿੱਧ ਸਥਾਨਾਂ ਦੀਆਂ ਤਸਵੀਰਾਂ ਦਰਸ਼ਕਾਂ ਵੱਲੋਂ ਖਾਸ ਰੁਚੀ ਨਾਲ ਵੇਖੀਆਂ ਜਾ ਰਹੀਆਂ ਹਨ।

                    ਫੋਟੋਗ੍ਰਾਫਰ ਰਵਿੰਦਰ ਰਵੀ ਨੇ ਦੱਸਿਆ ਕਿ ਇਹ ਤਸਵੀਰਾਂ ਉਨ੍ਹਾਂ ਨੇ ਸਾਲ 2018 ਦੌਰਾਨ ਖਿੱਚੀਆਂ ਸਨ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫੀ ਉਨ੍ਹਾਂ ਦਾ ਸ਼ੌਕ ਹੈ ਅਤੇ ਉਹ ਕੁਦਰਤ, ਸੱਭਿਆਚਾਰ ਅਤੇ ਇਤਿਹਾਸਕ ਢਾਂਚਿਆਂ ਦੀ ਸੁੰਦਰਤਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਹ ਪ੍ਰਦਰਸ਼ਨੀ ਲਗਾਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ।

                    ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਮਾਲੇਰਕੋਟਲਾ ਵਿੱਚ “ਸੂਫ਼ੀ ਫੈਸਟੀਵਲ” ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰਯਾਸ ਸ਼ਹਿਰ ਦੀ ਪਛਾਣ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ ਵਿੱਚ ਮਦਦਗਾਰ ਸਾਬਤ ਹੋਣਗੇ।