ਪੰਜਾਬ ਸਰਕਾਰ ਵੱਲੋਂ ਰਜਿਸਟਰੀ ਪ੍ਰਕਿਰਿਆ ਨੂੰ ਬਣਾਇਆ ਗਿਆ ਆਸਾਨ ਤੇ ਪਾਰਦਰਸ਼ੀ

31

ਫਰੀਦਕੋਟ 18 ਜੁਲਾਈ 2025 AJ DI Awaaj

Punjab Desk :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰਜਿਸਟਰੀ ਦੀ ਪ੍ਰਕਿਰਿਆ ਆਸਾਨ, ਸੌਖੀ ਅਤੇ ਪਾਰਦਰਸ਼ੀ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਈਜੀ ਰਜਿਸਟਰੀ ਦੀ ਪ੍ਰਕਿਰਿਆ ਲੋਕਾਂ ਦੀ ਸਹੂਲਤ ਲਈ ਚੁੱਕਿਆ ਇੱਕ ਸਲਾਘਾਯੋਗ ਕਦਮ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕੀਤਾ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਦੇਸ਼ ਦੀ ਜਾਇਦਾਦ ਦੀ ਪਹਿਲੀ ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਹੁਣ ਲੋਕਾਂ ਨੂੰ ਦਲਾਲਾ ਤੋਂ ਛੁਟਕਾਰਾ ਮਿਲੇਗਾ, ਦਫਤਰਾਂ ਦੇ ਚੱਕਰ ਨਹੀਂ ਲੱਗਣਗੇ ਅਤੇ ਸਾਰੇ ਕੰਮ ਆਨਲਾਈਨ ਹੋਣਗੇ।

ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਵਿੱਚ ਵੀ ਇਹ ਆਧੁਨਿਕ ਤੇ ਪਾਰਦਰਸ਼ੀ ਸੇਵਾ ਉਪਲਬਧ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੋਕ ਆਪਣੇ ਘਰ ਬੈਠਿਆਂ ਆਨਲਾਈਨ ਰਜਿਸਟਰੀ ਲਈ ਤਰੀਕ ਲੈ ਸਕਦੇ ਹਨ। ਲੋਕ ਪੰਜਾਬ ਈਜੀ ਰਜਿਸਟਰੀ ਪੋਰਟਲ ਰਾਹੀਂ ਘਰ ਬੈਠੇ ਆਪਣੀ ਜਾਇਦਾਦ ਦੀ ਰਜਿਸਟਰੀ ਲਈ ਅਰਜੀ ਦੇ ਸਕਦੇ ਹਨ, ਦਸਤਾਵੇਜ਼ ਅਪਲੋਡ ਕਰ ਸਕਦੇ ਹਨ ਅਤੇ ਆਪਣੀ ਮਰਜ਼ੀ ਅਨੁਸਾਰ ਸਮਾਂ ਲੈ ਸਕਦੇ ਹਨ। ਇਹ ਪ੍ਰਕਿਰਿਆ ਸਿਰਫ਼ ਤਿੰਨ ਆਸਾਨ ਕਦਮਾਂ ਵਿੱਚ ਪੂਰੀ ਹੋ ਜਾਂਦੀ ਹੈ, ਜਿਸ ਵਿੱਚ ਨਕਸ਼ਾ ਜਾਂਚ, ਭੁਗਤਾਨ ਅਤੇ ਰਜਿਸਟਰੀ ਦਾ ਸਮਾਂ ਲੈਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਸਾਰੇ ਦਸਤਾਵੇਜ਼ ਆਨਲਾਈਨ ਹੀ ਪ੍ਰਾਪਤ ਤੇ ਵੈਰੀਫਾਈ ਕੀਤੇ ਜਾਂਦੇ ਹਨ। ਲੋਕਾਂ ਨੂੰ ਐਸ.ਐੱਮ.ਐੱਸ. ਅਤੇ ਈਮੇਲ ਰਾਹੀਂ ਰਜਿਸਟਰੀ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਂ ਬਚੇਗਾ, ਸਗੋਂ ਭ੍ਰਿਸ਼ਟਾਚਾਰ ਨੂੰ ਵੀ ਖਤਮ ਕੀਤਾ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਜਾਇਦਾਦ ਦੀ ਰਜਿਸਟਰੀ ਤੋਂ ਪਹਿਲਾਂ ਹੀ ਆਨਲਾਈਨ ਪਲੇਟਫਾਰਮ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਜਾਇਦਾਦ ਕਿਸ ਦੇ ਨਾਮ ਹੈ, ਉਸ ‘ਤੇ ਕੋਈ ਕਾਨੂੰਨੀ ਪੇਚ ਤਾਂ ਨਹੀਂ, ਜਾ ਕੋਈ ਰੋਕ ਨਹੀਂ। ਇਹ ਸਾਰਾ ਕੰਮ ਪੂਰੀ ਪਾਰਦਰਸ਼ਤਾ ਅਤੇ ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਆਪਣੀ ਰਜਿਸਟਰੀ ਦਾ ਕੰਮ ਕਰਵਾਉਣ।