‘ਕਾਨੂੰਨ ਕਿਸੇ ਨੂੰ ਨਹੀਂ ਬਖਸ਼ਦਾ…’ — ਜੇਲ੍ਹ ਤੋਂ ਰਿਹਾਈ ਮਗਰੋਂ ਰਾਜਪਾਲ ਯਾਦਵ ਦਾ ਬਿਆਨ

1

19 ਫਰਵਰੀ 2026 ਅੱਜ ਦੀ ਆਵਾਜ਼

Bollywood Desk:  ਚੈੱਕ ਬਾਊਂਸ ਮਾਮਲੇ ਵਿੱਚ 10 ਦਿਨ ਤੱਕ ਜੇਲ੍ਹ ਕੱਟਣ ਤੋਂ ਬਾਅਦ ਅਦਾਕਾਰ ਰਾਜਪਾਲ ਯਾਦਵ ਹੁਣ ਰਿਹਾਅ ਹੋ ਗਏ ਹਨ। ਜ਼ਮਾਨਤ ਮਿਲਣ ਉਪਰੰਤ ਉਨ੍ਹਾਂ ਨੇ ਜੇਲ੍ਹ ਪ੍ਰਣਾਲੀ ਵਿੱਚ ਸੁਧਾਰ ਅਤੇ ਕੈਦੀਆਂ ਦੀ ਮੁੜ ਵਸਾਹੀ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਰਾਜਪਾਲ ਯਾਦਵ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੈਦੀ ਅਤੇ ਇੱਕ ਇੱਜ਼ਤਦਾਰ ਇਨਸਾਨ ਵਿਚਕਾਰ ਵੱਡਾ ਫ਼ਰਕ ਕਰ ਦਿੱਤਾ ਜਾਂਦਾ ਹੈ, ਜਦਕਿ ਅੱਜ ਦੇ ਸਮੇਂ ਵਿੱਚ ਜੇਲ੍ਹਾਂ ਨੂੰ ਸੁਧਾਰਵਾਦੀ ਬਣਾਉਣ ਦੀ ਲੋੜ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ‘ਕੌਣ ਬਣੇਗਾ ਕਰੋੜਪਤੀ’ ਵਿੱਚ ਲਾਈਫਲਾਈਨ ਹੁੰਦੀ ਹੈ, ਓਸੇ ਤਰ੍ਹਾਂ ਚੰਗਾ ਵਿਵਹਾਰ ਕਰਨ ਵਾਲੇ ਘੱਟੋ-ਘੱਟ 10% ਕੈਦੀਆਂ ਨੂੰ ਵੀ ਇੱਕ ਮੌਕਾ ਮਿਲਣਾ ਚਾਹੀਦਾ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਜੇ ਰਿਹਾਈ ਮਗਰੋਂ ਵੀ ਕੋਈ ਨਹੀਂ ਸੁਧਰਦਾ, ਤਾਂ ਫਿਰ “ਕਾਨੂੰਨ ਕਿਸੇ ਨੂੰ ਨਹੀਂ ਬਖ਼ਸ਼ਦਾ।”

ਜ਼ਿਕਰਯੋਗ ਹੈ ਕਿ 16 ਸਾਲ ਪੁਰਾਣੇ ਕੇਸ ਵਿੱਚ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ‘ਤੇ ਲਗਭਗ 9 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਵਿੱਚੋਂ 2.5 ਕਰੋੜ ਜਮ੍ਹਾ ਕਰਵਾਏ ਜਾ ਚੁੱਕੇ ਹਨ, ਬਾਕੀ ਰਕਮ ਮਾਰਚ ਤੱਕ ਚੁਕਾਉਣੀ ਹੈ।