ਕੀਰਤਪੁਰ ਸਾਹਿਬ 26 ਜੁਲਾਈ 2025 Aj DI Awaaj
Punjab Desk : ਪੰਜਾਬ ਸਰਕਾਰ ਵੱਲੋ ਸੂਬੇ ਦੇ ਆਮ ਲੋਕਾਂ ਦੀ ਤੰਦਰੁਸਤ ਸਿਹਤ ਲਈ ਸਿਹਤ ਵਿਭਾਗ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਲੋਕਾਂ ਦੀ ਸਿਹਤ ਸੁਧਾਰ ਤੇ ਸੁਰੱਖਿਆ ਲਈ ਉਪਰਾਲੇ ਕਰਨ ਦੇ ਨਿਰੰਤਰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਸਿਹਤ ਵਿਭਾਗ ਵਲੋਂ ਸਾਵਣ ਅਸ਼ਟਮੀ ਮੌਕੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਵਿਖੇ ਲੱਗਣ ਵਾਲੇ ਮੇਲੇ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਰਧਾਲੂਆਂ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਅਤੇ ਆਯੁਸ਼ਮਾਨ ਅਰੋਗਿਆ ਕੇਂਦਰ ਲੰਮਲੈਹੜੀ ਵਿਖੇ ਸਿਹਤ ਸਹੂਲਤ ਕੈਂਪ ਲਾਏ ਗਏ ਹਨ, ਜਿਥੇ 24 ਘੰਟੇ ਮੁਫ਼ਤ ਇਲਾਜ਼ ਅਤੇ ਦਵਾਈ ਦੀ ਸੁਵਿਧਾ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਚਾਰ ਆਰਜ਼ੀ ਡਿਸਪੈਂਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ ਜਿੱਥੇ ਸ਼ਰਧਾਲੂਆਂ ਨੂੰ ਇਲਾਜ ਅਤੇ ਦਵਾਈਆਂ ਦੀ ਮੁਫ਼ਤ ਸੁਵਿਧਾ ਉਪਲੱਬਧ ਕਰਵਾਈ ਗਈ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਇਹ ਆਰਜ਼ੀ ਡਿਸਪੈਂਸਾਰੀਆਂ ਕੀਰਤਪੁਰ ਸਾਹਿਬ ਦੇ ਬੱਸ ਅੱਡੇ ਅਤੇ ਨੈਣਾ ਦੇਵੀ ਦੇ ਰਾਹ ‘ਚ ਆਉਂਦੇ ਸ਼ਿਵ ਮੰਦਰ ਤੋਂ ਇਲਾਵਾ ਪਿੰਡ ਕੋਟਲਾ ਅਤੇ ਮੀਢਵਾਂ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ।
ਬਲਾਕ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਅੱਜ ਮੌਕੇ ‘ਤੇ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਅਤੇ ਕਰਮਚਾਰੀਆਂ ਵੱਲੋਂ ਸੇਵਾ ਭਾਵ ਨਾਲ ਨਿਭਾਈ ਜਾ ਰਹੀ ਡਿਊਟੀ ਲਈ ਉਹਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਐੱਸ.ਆਈ ਬਲਵੰਤ ਰਾਏ, ਸੀ.ਓ ਭਰਤ ਕਪੂਰ, ਸੀ.ਐੱਚ.ਓ ਗਗਨਦੀਪ ਕੌਰ, ਏ.ਐੱਨ.ਐੱਮ ਪ੍ਰਕਾਸ਼ ਕੌਰ, ਮਲਟੀ ਪਰਪਜ਼ ਹੈਲਥ ਵਰਕਰ ਅਸ਼ੋਕ ਕੁਮਾਰ, ਬਲਜੀਤ ਸਿੰਘ, ਅਮਿਤ ਸ਼ਰਮਾ, ਨਰੇਸ਼ ਕੁਮਾਰ, ਹੇਮਰਾਜ ਹਾਜ਼ਰ ਸਨ।
