ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲਾਂ ਦੀ ਕੀਤੀ ਗਈ ਜਾਂਚ

9
ਫਿਰੋਜ਼ਪੁਰ, 28 ਜੁਲਾਈ 2025 AJ DI Awaaj
   Punjab Desk : ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮੈਡਮ ਮੁਨੀਲਾ ਅਰੋੜਾ ਵੱਲੋਂ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ-ਕੇ ਦਾ ਦੌਰਾ ਕੀਤਾ ਗਿਆ। ਚੈਕਿੰਗ ਦੌਰਾਨ ਉਨ੍ਹਾਂ ਨੇ ਸਕੂਲਾਂ ਵਿੱਚ ਚੱਲ ਰਹੀ ਅਕਾਦਮਿਕ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਰੋਜ਼ਾਨਾ ਅਤੇ ਮਹੀਨਾਵਾਰ ਹਾਜ਼ਰੀ, ਸਟਾਫ ਦਾ ਹਾਜ਼ਰੀ ਰਜਿਸਟਰ, ਵਿਦਿਆਰਥੀਆਂ ਦੀ ਅਕਾਦਮਿਕ-ਪ੍ਰਾਪਤੀ ਅਤੇ ਅਕਾਦਮਿਕ-ਟੈਸਟਿੰਗ ਦੀ ਪ੍ਰਕਿਰਿਆ ਦਾ ਗੰਭੀਰਤਾਪੂਰਕ ਜਾਇਜ਼ਾ ਲਿਆ।
ਮੈਡਮ ਅਰੋੜਾ ਨੇ ਸਿਵਲ ਵਰਕਸ ਦੀ ਪੜਤਾਲ ਕਰਦੇ ਹੋਏ ਸਕੂਲਾਂ ਵਿੱਚ ਜਾਰੀ ਕੰਮਾਂ ਦੀ ਜਾਂਚ ਕੀਤੀ। ਇਹਨਾਂ ਕੰਮਾਂ ਨੂੰ ਜਲਦੀ ਤੋਂ ਜਲਦੀ ਸੰਪੂਰਨ ਕਰਨ ਲਈ ਕਿਹਾ ਗਿਆ।ਇਸ ਦੌਰਾਨ ਉਹਨਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਜੇ ਕੋਈ ਕਮਰੇ ਜਾਂ ਬਿਲਡਿੰਗਾਂ “ਅਨਸੇਫ” ਹਨ, ਤਾਂ ਉਹਨਾਂ ਦੀ ਜਾਣਕਾਰੀ ਤੁਰੰਤ ਸਮਰੱਥ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ।
ਵਿਦਿਆਰਥੀਆਂ ਦੀਆਂ ਪਾਠਕ੍ਰਮਕ ਕੁਸ਼ਲਤਾਵਾਂ ਨੂੰ ਸਮਝਣ ਲਈ ਟੈਸਟਿੰਗ ਪ੍ਰਕਿਰਿਆ ਦੀ ਸਮੀਖਿਆ ਕੀਤੀ ਗਈ। ਮਿਡ ਡੇ ਮੀਲ ਸਕੀਮ ਦੇ ਅਧੀਨ ਮਿਲਣ ਵਾਲੇ ਖਾਣੇ ਦੀ ਟੇਸਟਿੰਗ ਕੀਤੀ ਗਈ ਅਤੇ ਖਾਣੇ ਦੀ ਗੁਣਵੱਤਾ ਸੰਬੰਧੀ ਰਿਕਾਰਡ ਦੀ ਜਾਂਚ ਵੀ ਕੀਤੀ ਗਈ।
ਉਨ੍ਹਾਂ ਨੇ ਖਾਸ ਤੌਰ ’ਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਖਾਣੇ ਦੀ ਜਾਂਚ ਰੋਜ਼ਾਨਾ ਹੋਵੇ ਅਤੇ ਟੇਸਟ ਕਰਕੇ ਰਿਕਾਰਡ ਕੀਤਾ ਜਾਵੇ। ਮਿਡ-ਡੇ-ਮੀਲ ਖਵਾਉਣ ਵਾਲੀ ਜਗ੍ਹਾ ਅਤੇ ਆਸ ਪਾਸ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਇਹ ਚੈਕਿੰਗਾਂ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਸਿੱਖਿਆ ਮਿਆਰ ਅਤੇ ਵਿਦਿਆਰਥੀਆਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਨੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਕਿ ਸਿਲੇਬਸ ਦੀ ਰੋਜ਼ਾਨਾ ਰਿਪੋਰਟਿੰਗ ਕੀਤੀ ਜਾਵੇ , ਟੀਚਰ ਡਾਇਰੀ ਤੇ ਕਰਵਾਇਆ ਹੋਇਆ ਕੰਮ ਰਿਕਾਰਡ ਕੀਤਾ ਜਾਵੇ।ਸਕੂਲਾਂ ਦੀ ਸਫਾਈ, ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਹਾਲਤ ਦੀ ਵੀ ਜਾਂਚ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਿੱਖਣ ਸਬੰਧੀ ਸਮੱਸਿਆਵਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੇ ਸਿੱਖਣ-ਸਿਖਾਉਣ ਅਨੁਭਵਾਂ ਅਤੇ ਲੋੜਾਂ ਸੰਬੰਧੀ ਨਿੱਜੀ ਰਾਇ ਵੀ ਸਾਂਝੀ ਕੀਤੀ।ਸਮੇਂ-ਸਮੇਂ ‘ਤੇ ਹੋਣ ਵਾਲੀਆਂ ਇਹ ਅਚਾਨਕ ਚੈਕਿੰਗਾਂ ਸਕੂਲ ਪ੍ਰਬੰਧਨ ਵਿੱਚ ਜਵਾਬਦੇਹੀ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਦਾ ਉਦੇਸ਼ ਰੱਖਦੀਆਂ ਹਨ।ਜਿਲ੍ਹਾ ਪੱਧਰ ’ਤੇ ਵਿਦਿਆਰਥੀਆਂ ਵਿੱਚ ਨਿਰੰਤਰ ਸੁਧਾਰ ਲਈ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਇਸ ਦੌਰਾਨ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਮੈਡਮ ਮੁਨੀਲਾ ਅਰੋੜਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਸਾਰੇ ਨਿਰਦੇਸ਼ਾਂ ‘ਤੇ ਪੂਰੀ ਗੰਭੀਰਤਾ ਨਾਲ ਅਮਲ ਕਰਨਗੇ।