ਫ਼ਰੀਦਕੋਟ 25 ਜੁਲਾਈ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਰੀਦਕੋਟ ਦੇ ਸਮੂਹ ਕਲੱਸਟਰ ਅਫਸਰਾਂ, ਸਹਾਇਕ ਕਲੱਸਟਰ ਅਫਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਇੱਕ ਜਰੂਰੀ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਜਿਲ੍ਹੇ ਵਿੱਚ ਝੋਨੇ/ਬਾਸਮਤੀ ਦੀ ਲਵਾਈ ਦਾ ਕੰਮ ਲੱਗਭਗ ਮੁਕੰਮਲ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਇੱਕ ਪਿੰਡ ਵਿੱਚ ਲਗਭਗ 100 ਤੋਂ150 ਮੈਂਬਰਾਂ ਦੀ ਟੀਮ ਤੈਨਾਤ ਕੀਤੀ ਗਈ ਹੈ, ਜਿਸ ਵਿੱਚ ਕਲੱਸਟਰ ਅਫਸਰ, ਸਹਾਇਕ ਕਲੱਸਟਰ ਅਫਸਰ, ਨੋਡਲ ਅਫਸਰ, ਪਟਵਾਰੀਆਂ ਤੋਂ ਇਲਾਵਾ ਸੁਸਾਇਟੀ ਕਮੇਟੀ ਮੈਂਬਰ, ਮਨਰੇਗਾ ਵਰਕਰ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਪਿੰਡ ਦੇ ਸਰਪੰਚ, ਨੰਬਰਦਾਰ ਵੱਲੋਂ ਵੀ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਜਾਵੇਗਾ । ਉਹਨਾਂ ਕਲੱਸਟਰ ਅਤੇ ਸਹਾਇਕ ਕਲੱਸਟਰ ਅਫਸਰਾਂ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਇਸ ਦੌਰਾਨ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਆਪਣੀ ਡਿਊਟੀ ਵਿੱਚ ਕੁਤਾਹੀ ਨਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਉਕਤ ਟੀਮਾਂ ਪਰਾਲੀ ਪ੍ਰਬੰਧਨ ਦੇ ਕੰਮ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਗੀਆਂ ਅਤੇ ਜਿਹਨਾਂ ਕਿਸਾਨਾਂ ਵੱਲੋਂ ਪਿਛਲੇ ਸਾਲ ਪਰਾਲੀ ਨੂੰ ਅੱਗ ਲਗਾਈ ਗਈ ਸੀ, ਉਹਨਾਂ ਕਿਸਾਨਾਂ ਨਾਲ ਨਿੱਜੀ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਇਸ ਸਾਲ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਗੇ।
ਇਸ ਉਪਰੰਤ ਬਲਾਕ ਖੇਤੀਬਾੜੀ ਅਫਸਰ —ਕਮ—ਨੋਡਲ ਅਫਸਰ ਸਟੱਬਲਬਰਨਿੰਗ ਡਾ.ਗੁਰਪ੍ਰੀਤ ਸਿੰਘ ਵੱਲੋਂ ਮੀਟਿੰਗ ਵਿੱਚ ਹਾਜ਼ਰ, ਕਲੱਸਟਰ ਅਫਸਰਾਂ ਅਤੇ ਸਹਾਇਕ ਕਲੱਸਟਰ ਅਫਸਰਾਂ ਨੂੰ ਪੀ.ਪੀ.ਟੀ.ਰਾਹੀਂ ਪਰਾਲੀ ਪ੍ਰਬੰਧਨ ਨੂੰ ਮੁੱਖ ਰੱਖਦਿਆਂ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਮੇਜਰ ਵਰੁਣ ਕੁਮਾਰ, ਐਸ.ਡੀ.ਐਮ ਜੈਤੋ ਸ੍ਰੀ ਸੂਰਜ, ਡੀ.ਆਰ.ਓ ਲਵਪ੍ਰੀਤ ਕੌਰ ਤੋਂ ਇਲਾਵਾ ਕਲੱਸਟਰ ਅਫ਼ਸਰ ਸਹਾਇਕ ਕਲੱਸਟਰ ਅਫਸਰ ਅਤੇ ਖੇਤੀਬਾੜੀਵਿਭਾਗ ਦੇ ਅਧਿਕਾਰੀਮੌਜੂਦ ਸਨ।
