ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ, ਸੀਵਰੇਜ ਅਤੇ ਸਟਰੀਟ ਲਾਈਟਾਂ ਦਾ ਲਿਆ ਜਾਇਜ਼ਾ

39

ਫਾਜ਼ਿਲਕਾ 20 ਜੂਨ 2025 AJ Di Awaaj

Punjab Desk : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ ਏ ਐਸ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸਫਾਈ ਅਤੇ ਸੀਵਰੇਜ ਤੋਂ ਇਲਾਵਾ ਸਟਰੀਟ ਲਾਈਟਾਂ ਅਤੇ ਪਾਰਕਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਡੈਡ ਰੋਡ, ਪ੍ਰਤਾਪ ਬਾਗ, ਰੈਣ ਬਸੇਰਾ ਅਤੇ ਹਨੂਮਾਨ ਮੰਦਰ ਰੋਡ ਦਾ ਜਾਇਜ਼ਾ ਲਿਆ ਅਤੇ ਇੱਥੇ ਜਨ ਸੁਵਿਧਾਵਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਜਨ ਸੁਵਿਧਾਵਾਂ ਮੁਹਈਆ ਕਰਵਾਉਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

 ਉਨਾਂ ਨੇ ਕਿਹਾ ਕਿ ਜਿੱਥੇ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਉਸ ਇਲਾਕੇ ਵਿੱਚ ਕੁਝ ਸਮੇਂ ਲਈ ਸੀਵਰੇਜ ਰੋਕਿਆ ਜਾਂਦਾ ਹੈ ਤਾਂ ਇਸ ਸਬੰਧੀ ਅਗਾਊਂ ਤੌਰ ਤੇ ਸੰਬੰਧਿਤ ਮਹੱਲੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਬਾਗ ਵਿੱਚ ਰੌਸ਼ਨੀ ਅਤੇ ਸਫਾਈ ਦੀ ਵਿਵਸਥਾ ਸੁਚਾਰੂ ਕੀਤੀ ਜਾਵੇ । ਉਨਾਂ ਨੇ ਹਨੁੰਮਾਨ ਮੰਦਰ ਇਲਾਕੇ ਵਿੱਚ ਵੀ ਸਟਰੀਟ ਲਾਈਟ ਦੀ ਵਿਵਸਥਾ ਬਿਹਤਰ ਕਰਨ ਦੀਆਂ ਹਦਾਇਤਾਂ ਨਗਰ ਕੌਂਸਲ ਨੂੰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜਿੱਥੇ ਨਾਲੀ ਤੋਂ ਪਾਣੀ ਸੀਵਰੇਜ ਲਾਈਨ ਵਿਚ ਪੈਂਦਾ ਹੈ ਉਥੇ ਜਾਲੀਆਂ ਲਗਾਉਣ ਲਈ ਵੀ ਨਗਰ ਕੌਂਸਲ ਨੂੰ ਕਿਹਾ ਗਿਆ ਹੈ।

ਇਸ ਮੌਕੇ ਉਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪਲਾਸਟਿਕ ਬੋਤਲਾਂ ਅਤੇ ਹੋਰ ਕੂੜਾ ਕਰਕਟ ਨਾਲੀਆਂ ਵਿੱਚ ਨਾ ਸੁੱਟਿਆ ਜਾਵੇ, ਕਿਉਂਕਿ ਇਹ ਇਥੋਂ ਸੀਵਰੇਜ ਵਿੱਚ ਚਲਾ ਜਾਂਦਾ ਹੈ ਅਤੇ ਸੀਵਰੇਜ ਨੂੰ ਜਾਮ ਕਰ ਦਿੰਦਾ ਹੈ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਨਗਰ ਕੌਂਸਲ ਦੀ ਟੀਮ ਨੂੰ ਦਿੱਤਾ ਜਾਵੇ। ਇਸ ਮੌਕੇ ਨਗਰ ਕੌਂਸਲ ਤੋਂ ਸੁਪਰਡੈਂਟ ਸੈਨੀਟੇਸ਼ਨ ਨਰੇਸ਼ ਖੇੜਾ, ਨਗਰ ਕੌਂਸਲ ਤੋਂ ਕਰਨੈਲ ਸਿੰਘ ਏ.ਐੱਮ.ਈ, ਜਗਦੀਪ ਸਿੰਘ ਸੈਨੇਟਰੀ ਇੰਸਪੈਕਟਰ, ਗੌਰਵ, ਅਸੋਕ ਕੁਮਾਰ ਇੰਚਾਰਜ ਰੈਣ ਬਸੇਰਾ, ਗੁਰਤੇਜ ਸਿੰਘ ਸੀਵਰੇਜ ਇੰਚਾਰਜ ਵੀ ਹਾਜਰ ਸਨ।