ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਪਿੰਡ ਵਿੱਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਉਣ ਦੇ ਦਿੱਤੇ ਆਦੇਸ਼

8

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਰਕਾਰੀ ਸਹੂਲਤਾਂ ਵਿੱਚ ਦਿੱਤੀ ਜਾਵੇਗੀ ਪਹਿਲ – ਡਿਪਟੀ ਕਮਿਸ਼ਨਰਸੀਜ਼ਨ 2025-26 ਦੌਰਾਨ ਪਰਾਲੀ ਪ੍ਰਬੰਧਨ ਐਕਸ਼ਨ ਪਲਾਨ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਵਿਸ਼ੇਸ਼ ਮੀਟਿੰਗ

ਤਰਨ ਤਾਰਨ, 22 ਜੁਲਾਈ 2025 , Aj Di Awaaj

Punjab Desk: ਸੀਜ਼ਨ 2025-26 ਦੌਰਾਨ ਪਰਾਲੀ ਪ੍ਰਬੰਧਨ ਦੇ ਅਗਾਂਹੂ ਐਕਸ਼ਨ ਪਲਾਨ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ,ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਸਬੰਧਿਤ ਵਿਭਾਗਾ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਆਰ. ਡੀ.) ਤਰਨ ਤਾਰਨ ਸ਼੍ਰੀ ਸੰਜੀਵ ਸ਼ਰਮਾ, ਉਪ ਮੰਡਲ ਮੈਜਿਸਟਰੇਟ ਤਰਨ ਤਾਰਨ ਸ਼੍ਰੀ ਅਰਵਿੰਦਰਪਾਲ ਸਿੰਘ , ਉਪ ਮੰਡਲ ਮੈਜਿਸਟਰੇਟ ਪੱਟੀ ਸ਼੍ਰੀ ਪ੍ਰੀਤਇੰਦਰ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ ਸ਼੍ਰੀ ਪਿਆਰ ਸਿੰਘ , ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ਼ ਬੋਰਡ ਤਰਨ ਤਾਰਨ ਸ਼੍ਰੀ ਗੁਲਸ਼ਨ ਕੁਮਾਰ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਸ਼੍ਰੀ ਜਸਵਿੰਦਰ ਸਿੰਘ, ਡਿਪਟੀ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਤਰਨ ਤਾਰਨ ਸ਼੍ਰੀ ਸੁੱਚਾ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ , ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤਰਨ ਤਾਰਨ ਸ਼੍ਰੀ ਮੁਨੀਸ਼ ਕੁਮਾਰ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਤਰਨ ਤਾਰਨ ਸ਼੍ਰੀ ਵਰਿਆਮ ਸਿੰਘ , ਡਿਪਟੀ ਡਾਇਰੈਕਟਰ ਕੇ. ਵੀ. ਕੇ ਤਰਨ ਤਾਰਨ, ਬਲਾਕ ਖੇਤੀਬਾੜੀ ਅਫਸਰ -ਕਮ- ਨੋਡਲ ਅਫਸਰ (ਸਟਬਲ ਬਰਨਿੰਗ) ਤਰਨ ਤਾਰਨ ਮਾਸਟਰ ਕਿਸਾਨ ਵੈਲਫੈਅਰ ਸੋਸਾਇਟੀ ਸ਼ੇਰੋ ਸਿੰਘ ਕਿਸਾਨ ਸੈਲਫ ਹੈਲਪ ਗਰੁੱਪ ਘਰਿਆਲਾ ,ਪੱਟੀ ਰਵੀ ਸ਼ੇਰ ਸਿੰਘ, ਦੁਗਲ ਵਾਲਾ ਅਗਾਂਹ ਵਧੂ ਕਿਸਾਨ ਹਾਜ਼ਰ ਸਨ।

ਮੀਟਿੰਗ ਦੀ ਸ਼ੁਰੂਆਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ,ਤਰਨ ਤਾਰਨ ਨੇ ਖੇਤੀਬਾੜੀ ਵਿਭਾਗ ਦੀ ਪ੍ਰਗਤੀ ਰਿਪੋਰਟ ਦੱਸਦਿਆ ਕਿਹਾ ਕਿ ਵਿਭਾਗ ਵਲੋਂ ਸਾਲ 2018-2025 ਤੱਕ 8198 ਪਰਾਲੀ ਪ੍ਰਬੰਧਨ ਮਸ਼ੀਨਾਂ ਸਬਸਿੱਡੀ ਤੇ ਦਿੱਤੀਆਂ ਗਈਆਂ ਅਤੇ ਇਸ ਸਾਲ 593 ਮਸ਼ੀਨਾਂ ਨੂੰ ਸ਼ੈਕਸ਼ਨ ਦਿੱਤੀ ਗਈ ਹੈ ਅਤੇ ਇਸ ਵਿੱਚੋਂ ਕਿਸਾਨਾਂ ਵਲੋਂ ਹੁਣ ਤੱਕ 162 ਮਸ਼ੀਨਾਂ ਦੀ ਖਰੀਦ ਕਰ ਲਈ ਗਈ ਹੈ । ਉਹਨਾਂ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਪ੍ਰਸਾਰ ਗਤੀਵਿਧੀਆ ਕਰਦੇ ਹੋਏ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।

ਇਸ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਮੁੱਖ ਖੇਤੀਬਾੜੀ ਅਫਸਰ,ਤਰਨ ਤਾਰਨ ਨੂੰ ਹਦਾਇਤ ਕੀਤੀ ਕਿ ਪਿੰਡ ਵਾਰ ਮਸ਼ੀਨਾਂ ਦੀ ਕਿਸਾਨਾਂ ਦੇ ਵੱਟਸਐਪ ਗਰੁੱਪ ਬਣਾਏ ਜਾਣ ਅਤੇ ਮਸ਼ੀਨਾਂ ਦੀ ਉਪਲੱਬਧਤਾ ਦੀ ਸੂਚਨਾ ਸਮੇਂ -ਸਮੇਂ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ । ਉਹਨਾਂ ਕਿਹਾ ਕਿ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਮੌਜੂਦ ਤਿੰਨ ਪਰਾਲੀ ਪ੍ਰਬੰਧਨ ਮਸ਼ੀਨਾਂ ਜ਼ੀਰੋ ਡਰਿੱਲ, ਸੁਪਰ ਸੀਡਰ ਅਤੇ ਸਮਾਰਟ ਸੀਡਰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਗਰੁੱਪ ਬਣਾਏ ਜਾਣ ਅਤੇ ਕਿਸਾਨਾਂ ਨਾਲ ਨਿੱਜੀ ਤੌਰ ਤੇ ਮਿਲ ਕੇ ਮਸ਼ੀਨਾਂ ਮੁਹੱਈਆਂ ਕਰਵਾਈਆ ਜਾਣ।

ਉਹਨਾਂ ਹਦਾਇਤ ਕੀਤੀ ਕਿ ਪਿਛਲੇ ਸਾਲ ਅੱਗ ਲਗਾਉਣ ਵਾਲੇ ਕਿਸਾਨਾਂ ਨਾਲ ਰੋਜਾਨਾ ਮੀਟਿੰਗਾਂ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ।

ਉਹਨਾਂ ਕਿਹਾ ਕਿ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਤਾਂ ਉਹਨਾਂ ਨੂੰ  ਸਰਕਾਰ ਵਲੋਂ ਦਿੱਤੀਆ ਸਹੂਲਤਾਂ ਵਿੱਚ ਪਹਿਲ ਦਿੱਤੀ ਜਾਵੇਗੀ । ਉਹਨਾਂ ਹਦਾਇਤ ਕੀਤੀ ਕਿ ਬਲਾਕ ਖੇਤੀਬਾੜੀ ਅਫਸਰ ਅਤੇ ਉਹਨਾਂ ਦਾ ਸਟਾਫ ਹੁਣ ਤੋਂ ਹੀ ਆਪਣੇ ਬਲਾਕ ਦੇ ਹਰੇਕ ਪਿੰਡ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਉਣਗੇ ਅਤੇ ਇਸ ਮੁਹਿੰਮ ਵਿੱਚ ਪੰਚਾਇਤ ਵਿਭਾਗ, ਕਾਨੂੰਨਗੋ ਅਤੇ ਪਟਵਾਰੀ ਪੱਧਰ ਦੇ ਅਧਿਕਾਰੀ ਹਿੱਸਾ ਲੈਣਗੇ ਅਤੇ ਕਿਸਾਨਾਂ ਨੂੰ ਜਾਗਰੂਕ ਕਰਨਗੇ । ਉਹਨਾਂ ਸਬੰਧਤ ਵਿਭਾਗਾਂ ਨੂੰ ਇਸ ਮੁਹਿੰਮ ਦਾ ਪਿੰਡ ਵਾਰ ਸ਼ਡਿਊਲ ਤੁਰੰਤ ਭੇਜਣ ਲਈ ਕਿਹਾ ।

ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਪਸ਼ੂ ਪਾਲਣ ਵਿਭਾਗ ਤੋਂ ਆਏ ਡਿਪਟੀ ਡਾਇਰੈਕਟਰ ਸ਼੍ਰੀ ਮੁਨੀਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਬਾਸਮਤੀ ਦੀ ਪਰਾਲੀ ਨੂੰ ਪਸੂਆਂ ਦੇ ਚਾਰੇ ਦੇ ਤੌਰ ਤੇ ਵਰਤਣ ਵਾਲੇ ਕਿਸਾਨਾਂ ਦੀ ਤੁਰੰਤ ਸ਼ਨਾਖਤ ਕਰ ਲਈ ਜਾਵੇ ਅਤੇ ਪਰਾਲੀ ਨੂੰ ਸਟੋਰ ਕਰਨ ਲਈ ਗਊ ਸ਼ਲਾਵਾਂ ਵਿੱਚ ਜਗ੍ਹਾ ਦੀ ਸ਼ਨਾਖਤ ਕਰ ਲਈ ਜਾਵੇ ।

ਉਹਨਾਂ ਸਮੂਹ ਉਪ ਮੰਡਲ ਮੈਜਿਸਟ੍ਰੈਟ ,ਤਰਨ ਤਾਰਨ ਨੂੰ ਕਿਹਾ ਕਿ ਸਬ ਡਵੀਜ਼ਨ ਅਤੇ ਬਲਾਕ ਪੱਧਰ ਤੇ ਪਿੰਡਾਂ ਦੇ ਨੰਬਰਦਾਰਾਂ ਦੀਆਂ ਮੀਟਿੰਗਾਂ ਕੀਤੀ ਜਾਣ ਅਤੇ ਆਪਣੀ ਸਬ ਡਵੀਜ਼ਨ ਦੇ ਕੰਬਾਈਨ ਮਾਲਕਾਂ ਨਾਲ ਮੀਟਿੰਗਾਂ ਕਰਕੇ ਸਮੂਹ ਕੰਬਾਈਨ ਹਾਰਵੈਸਰਾਂ ਉਪਰ ਸੁਪਰ ਐਸ. ਐਮ.ਐਸ ਸਿਸਟਮ ਲਗਾਉਣ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਦੇ  ਨਾਲ ਹੀ ਉਹਨਾਂ ਜ਼ਿਲਾ ਪੱਧਰ ਤੇ ਵੀ ਕੰਬਾਈਨ ਹਾਰਵੈਸਰ ਮਾਲਕਾਂ ਦੀ ਮੀਟਿੰਗ ਕਰਨ ਦੀਆ ਹਦਾਇਤਾਂ ਜਾਰੀ ਕੀਤੀਆਂ ।

ਉਹਨਾਂ ਮੀਟਿੰਗ ਵਿੱਚ ਹਾਜ਼ਰ ਡਿਪਟੀ ਰਜਿਟਰਾਰ ਸਹਿਕਾਰੀ ਸਭਾਵਾਂ ,ਤਰਨ ਤਾਰਨ ਨੂੰ ਹਦਾਇਤ ਕੀਤੀ ਕਿ ਸਹਿਕਾਰੀ ਸਭਾਵਾਂ ਵਿੱਚ ਮੌਜੂਦ ਖਰਾਬ ਅਤੇ ਚਾਲੂ ਮਸ਼ੀਨਰੀ ਦਾ ਸਰਵੈ 1 ਅਗਸਤ, 2025 ਤੱਕ ਕਰਕੇ 15 ਅਗਸਤ, 2025 ਤੱਕ ਖਰਾਬ ਮਸ਼ੀਨਰੀ ਨੂੰ ਰਿਪੇਅਰ ਕਰਵਾ ਕੇ ਸਮੂਹ ਮਸ਼ੀਨਰੀ ਚਾਲੂ ਹਾਲਤ ਵਿੱਚ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਬਿਜਲੀ ਵਿਭਾਗ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਕਿ ਪਰਾਲੀ ਪੈਲੇਟ ਬਣਾਉਣ ਵਾਲੀ ਫਰਮ ਮੇਜਰ ਬਾਓ ਫਿਊਲ ਘਰਿਆਲਾ ਦੀ ਮੀਟਿੰਗ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਕਰਵਾਈ ਜਾਵੇ । ਪਰਾਲੀ ਪੈਲੇਟ ਬਣਾਉਣ ਵਾਲੀ ਫਰਮ ਮੇਜਰ ਬਾਓ ਫਿਊਲ ਘਰਿਆਲਾ ਦੇ ਨੁਮਾਇੰਦੇ ਵਲੋਂ ਪਰਾਲੀ ਸਟੋਰ ਕਰਨ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਬੇਨਤੀ ਕੀਤੀ ਜਿਸ ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਪੰਚਾਇਤ ਵਿਭਾਗ ਨੂੰ ਇਸ ਸਬੰਧੀ ਢੁੱਕਵੀਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਮੀਟਿੰਗ ਦੇ ਅਖੀਰ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਸਮੂਹ ਅਧਿਕਾਰੀ ਸਾਹਿਬਾਨਾਂ ਨੂੰ ਐਕਸ਼ਨ ਪਲਾਨ ਮੁਤਾਬਕ ਪਰਾਲੀ ਪ੍ਰਬੰਧਨ ਗਤੀਵਿੱਧੀਆਂ ਕਰਨ ਦੇ ਆਦੇਸ਼ ਜਾਰੀ ਕੀਤੇ।