ਤਪਾ/ਭਦੌੜ, 22 ਅਗਸਤ 2025 Aj Di Awaaj
Punjab Desk : ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਵਜੋਂ ਮਿਲਣ ਵਾਲੀ 51000 ਰੁਪਏ ਦੀ ਰਾਸ਼ੀ ਲਈ ਤਹਿਸੀਲਦਾਰ ਵੱਲੋਂ ਜਾਰੀ ਮੈਰਿਜ ਸਰਟੀਫਿਕੇਟ ਦੀ ਸ਼ਰਤ ਹਟਾ ਕੇ ਧਾਰਮਿਕ ਅਸਥਾਨ ਵੱਲੋਂ ਜਾਰੀ ਸਰਟੀਫਿਕੇਟ ਲਾਗੂ ਕੀਤੇ ਜਾਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਮੰਗ ਉਠਾਈ ਗਈ ਸੀ ਕਿ ਸ਼ਗਨ ਸਕੀਮ ਲਈ ਮੈਰਿਜ ਸਰਟੀਫਿਕੇਟ ਦੀ ਜ਼ਰੂਰਤ ਨੂੰ ਖਤਮ ਕਰਕੇ ਧਾਰਮਿਕ ਸਥਾਨ ਤੋਂ ਮਿਲਣ ਵਾਲੇ ਪ੍ਰਮਾਣ ਪੱਤਰ ਨੂੰ ਹੀ ਆਧਾਰ ਮੰਨ ਕੇ ਇਸ ਸਕੀਮ ਦਾ ਲਾਭ ਸਾਡੇ ਸੂਬੇ ਦੇ ਲੋਕਾਂ ਨੂੰ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਓਨ੍ਹਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆ ਇਸ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਕਿ ਹੁਣ ਧਾਰਮਿਕ ਸਥਾਨ ਤੋਂ ਜਾਰੀ ਪ੍ਰਮਾਣ ਪੱਤਰ ਨੂੰ ਹੀ “ਮੈਰਿਜ ਸਰਟੀਫਿਕੇਟ ” ਮੰਨਿਆ ਜਾਵੇਗਾ। ਇਸ ਦੇ ਨਾਲ ਲੋਕਾਂ ਦੇ ਬੇਲੋੜਾ ਖ਼ਰਚ ਜੋ ਕਿ ਸਰਟੀਫਿਕੇਟ ਬਣਾਉਣ ਉੱਤੇ ਹੁੰਦਾ ਸੀ ਉਸ ਤੋਂ ਰਾਹਤ ਮਿਲੇਗੀ।
ਓਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਸ ਸ਼ਗਨ ਸਕੀਮ ਤਹਿਤ ਮਿਲਣ ਵਾਲੀ 51000 ਰੁਪਏ ਦੀ ਰਾਸ਼ੀ ਲੈਣ ਲਈ ਕਾਗਜ਼ੀ ਕਾਰਵਾਈ ਨੂੰ ਬਿਲਕੁੱਲ ਸੌਖਾ ਕਰ ਦਿੱਤਾ ਹੈ, ਜਿਸ ਨਾਲ ਕਿ ਲੋੜਵੰਦ ਲੋਕਾਂ ਨੂੰ ਧੀਆਂ ਦੇ ਵਿਆਹ ਮੌਕੇ ਵੱਡਾ ਸਹਾਰਾ ਮਿਲੇਗਾ।
