ਸ੍ਰੀ ਅਨੰਦਪੁਰ ਸਾਹਿਬ 27 ਜੂਨ 2025 AJ DI Awaaj
Punjab Desk : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਵਿਭਾਗ ਵੱਲੋਂ ਆਮ ਵਰਗ ਦੇ ਲੋਕਾਂ ਲਈ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਾ.ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਪਿੰਡ ਦਸਗਰਾਈਂ ਵਿਖੇ ਨਸ਼ਿਆ ਵਿਰੁੱਧ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ.ਜੰਗਜੀਤ ਸਿੰਘ ਨੇ ਕਿਹਾ ਕਿ ਨਸ਼ਾ ਵਿਰੋਧੀ ਦਿਵਸ ਤੇ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦ ਹੈ ਕਿ ਅਸੀਂ ਨਸ਼ਾ ਮੁਕਤ ਸਮਾਜ ਸਿਰਜਣ ਵਿੱਚ ਸਰਕਾਰ ਤੇ ਪ੍ਰਸਾਸ਼ਨ ਦਾ ਪੂਰਾ ਸਾਥ ਦਈਏ ਅਤੇ ਨੌਜਵਾਨਾਂ ਨੂੰ ਨਸ਼ੇ ਦੇ ਇਸ ਚੱਕਰਵਿਊ ਵਿੱਚੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਸਿਹਤ ਵਿਭਾਗ ਵਲ੍ਹੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਲਗਾਤਾਰ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇੱਕਜੁੱਟ ਹੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਰ ਪਿੰਡ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਜਾ ਸਕੇ ਅਤੇ ਸਮਾਜ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਹ ਕਮੇਟੀ ਮੈਂਬਰ ਆਪਣੇ-ਆਪਣੇ ਪਿੰਡ ਵਿੱਚ ਨਸ਼ਾ ਕਰਨ ਵਾਲ਼ੇ ਵਿਅਕਤੀਆਂ ਅਤੇ ਵੇਚਣ ਵਾਲ਼ੇ ਤਸਕਰਾਂ ਤੇ ਨਿਗਾ ਰੱਖਣਗੇ ਅਤੇ ਕੋਈ ਵੀ ਜਾਣਕਾਰੀ ਪ੍ਰਾਪਤ ਹੋਣ ਤੇ 97791-00200 ਨੰਬਰ ਤੇ ਸੂਚਨਾ ਦੇਣਗੇ। ਇਸ ਨੰਬਰ ਤੇ ਟੈਕਸਟ ਮੈਸੇਜ ਭੇਜਿਆ ਜਾ ਸਕੇਗਾ ਅਤੇ ਮੈਸੇਜ਼ ਭੇਜਣ ਵਾਲ਼ੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਜਿੱਥੇ ਕੀਰਤਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਤੇ ਸਹਿਜੋਵਾਲ਼ ਵਿਖੇ ਸਰਕਾਰੀ ਹਸਪਤਾਲ਼ਾਂ ਵਿੱਚ ਓਟ ਸੈਂਟਰ ਖੋਲ੍ਹੇ ਗਏ ਹਨ ਉੱਥੇ ਹੀ ਸਰਕਾਰੀ ਹਸਪਤਾਲ਼ ਰੂਪਨਗਰ ਵਿਖੇ 40 ਬਿਸਤਰਿਆਂ ਦਾ ਅਤੇ ਸਬ ਡਵੀਜ਼ਨਲ ਹਸਪਤਾਲ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ 20 ਬਿਸਤਰਿਆਂ ਦਾ ਡੀ- ਐਡੀਕਸ਼ਨ ਸੈਂਟਰ ਖੋਲ੍ਹੇ ਗਏ ਹਨ ਜਿੱਥੇ ਅਜਿਹੇ ਮਰੀਜਾਂ ਦਾ ਦਾਖਲ ਕਰਕੇ ਮੁਫਤ ਇਲਾਜ਼ ਕੀਤਾ ਜਾਵੇਗਾ ਅਤੇ ਖਾਸ ਤੌਰ ਤੇ ਇਹਨਾਂ ਸੈਂਟਰਾਂ ਤੇ ਕਾਊਂਸਲਰ ਵੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਮਰੀਜ਼ਾਂ ਦੀ ਕਾਊਂਲਿੰਗ ਕਰਕੇ ਉਹਨਾਂ ਨੂੰ ਪੂਰਨ ਰੂਪ ਵਿੱਚ ਨਸ਼ਿਆਂ ਦੇ ਜਾਲ਼ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਇਸ ਮੌਕੇ ਨਰੇਸ਼ ਕੁਮਾਰ, ਅਮਿਤ ਕੁਮਾਰ ਸ਼ਰਮਾ, ਸੁੱਚਾ ਸਿੰਘ, ਸੀ. ਐਚ. ਓ ਗਗਨਦੀਪ ਕੌਰ ਅਤੇ ਅੰਜਨਾ ਸਹੋਤਾ, ਏ. ਐਨ. ਐਮ ਕੁਲਵੰਤ ਕੌਰ ਤੇ ਪ੍ਰਕਾਸ਼ ਦੇਵੀ, ਰਮੇਸ਼ ਕੁਮਾਰ, ਗੁਰਜਿੰਦਰ ਸਿੰਘ, ਸਰਪੰਚ ਮਮਤਾ ਦੇਵੀ ਦਸਗਰਾਈਂ, ਪੰਚ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
