ਡਾ. ਬੀ.ਆਰ. ਅੰਬੇਡਕਰ ਦੁਆਰਾ ਦਿੱਤੀ ਗਈ ਵਿਭਿੰਨਤਾ ਵਿੱਚ ਏਕਤਾ ਦੀ ਧਾਰਨਾ ਅੱਜ ਵੀ ਬਰਕਰਾਰ- ਹਰਜੋਤ ਬੈਂਸ

9

ਡਾ.ਭੀਮ ਰਾਓ ਅੰਬੇਡਕਰ ਦੀ 134ਵੀਂ ਜਯੰਤੀ ਮੌਕੇ ਵਿਰਾਸਤ ਏ ਖਾਲਸਾ ਵਿੱਚ ਸਮਾਗਮ ਆਯੋਜਿਤ                                ਪਵਿੱਤਰ ਸੰਵਿਧਾਨ ਵਿੱਚ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਉਪਬੰਧਾਂ ਲਈ ਡਾ. ਅੰਬੇਡਕਰ ਨੂੰ ਮਸੀਹਾ ਕਰਾਰ ਦਿੱਤਾ ਕੈਬਨਿਟ ਮੰਤਰੀ ਹਰਜੋਤ ਬੈਂਸ, ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ ਸ਼ਿਰਕਤ

ਸ੍ਰੀ ਅਨੰਦਪੁਰ ਸਾਹਿਬ ਅੱਜ ਦੀ ਆਵਾਜ਼ | 2 ਮਈ 2025

ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਹਰਜੋਤ ਸਿੰਘ ਬੈਂਸ ਨੇ ਅੱਜ ਵਿਰਾਸਤ ਏ ਖਾਲਸਾ ਵਿੱਚ ਆਯੋਜਿਤ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੁਆਰਾ ਕੀਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ਨੂੰ “ਭਾਰਤ ਦੇ ਸੰਵਿਧਾਨ ਦੇ ਪਿਤਾ” ਅਤੇ ਦੱਬੇ-ਕੁਚਲੇ ਲੋਕਾਂ ਲਈ ਲੜਨ ਵਾਲੇ ਮਹਾਨ ਵਿਅਕਤੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਦਿੱਤੀ ਗਈ ਅਨੇਕਤਾ ਵਿੱਚ ਏਕਤਾ ਦੀ ਧਾਰਨਾ ਦਾ ਮੂਲ ਸਿਧਾਂਤ ਕਈ ਚੁਣੌਤੀਆਂ ਦੇ ਬਾਵਜੂਦ ਅੱਜ ਵੀ ਬਰਕਰਾਰ ਹੈ।

    ਭਾਰਤੀ ਸੰਵਿਧਾਨ ਨੂੰ ਦੁਨੀਆ ਦੇ ਸਭ ਤੋਂ ਵਧੀਆ ਸੰਵਿਧਾਨਾਂ ਵਿੱਚੋਂ ਇੱਕ ਦੱਸਦੇ ਹੋਏ, ਮੰਤਰੀ ਬੈਂਸ ਨੇ ਕਿਹਾ ਕਿ ਇਹ ਸਮਾਜ ਦੇ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਲਈ ਨਿਆਂ ਦੀ ਆਖਰੀ ਉਮੀਦ ਹੈ। “ਬਾਬਾ ਸਾਹਿਬ ਅੰਬੇਡਕਰ ਦੀ ਦੂਰਅੰਦੇਸ਼ੀ ਅਤੇ ਸੂਝਵਾਨ ਅਗਵਾਈ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰ ਨਾਗਰਿਕ, ਖਾਸ ਕਰਕੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਲਗਾਤਾਰ ਰੱਖਿਆ ਦਾ ਉਪਬੰਧ ਕੀਤਾ ਹੈ।

     ਹਰਜੋਤ ਸਿੰਘ ਬੈਂਸ ਨੇ ਸੰਵਿਧਾਨ ਦੀ ਪਵਿੱਤਰ ਕਿਤਾਬ ਵਿੱਚ ਦੱਬੇ-ਕੁਚਲੇ ਵਰਗਾਂ ਦੇ ਹਿੱਤਾਂ ਦੀ ਰਾਖੀ ਦਾ ਕਾਨੂੰਨੀ ਉਪਬੰਧ ਕਰਨ ਕਰਕੇ ਡਾਕਟਰ ਅੰਬੇਡਕਰ ਨੂੰ ਮਸੀਹਾ ਦੱਸਦਿਆਂ ਕਿਹਾ ਕਿ ਸਿੱਖਿਆ ਸਾਰੇ ਭੇਦਭਾਵ ਅਤੇ ਅਸਮਾਨਤਾਵਾਂ ਨੂੰ ਖਤਮ ਕਰਨ ਦੀ ਕੁੰਜੀ ਹੈ ਅਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਕ੍ਰਾਂਤੀ ਰਾਹੀ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਪੱਧਰ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਅਪਗ੍ਰੇਡ ਕਰਕੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਤੁਰ ਰਹੀ ਹੈ।

     ਉਨ੍ਹਾਂ ਕਿਹਾ ਕਿ ਸ. ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਭਰ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀਆਂ ਤਸਵੀਰਾਂ ਨੂੰ ਪ੍ਰੇਰਕਾਂ ਅਤੇ ਆਦਰਸ਼ ਵਜੋਂ ਲਗਾਇਆ ਹੈ।

    ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਨੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੀ ਮਹਾਨ ਅਤੇ ਦੂਰਦਰਸ਼ੀ ਸ਼ਖਸੀਅਤ ਨੂੰ ਇੱਕ ਵਿਸ਼ੇਸ਼ ਵਰਗ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਆਪਣੇ ਰਾਸ਼ਟਰ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੁਆਰਾ ਬਣਾਇਆ ਗਿਆ ਸੰਵਿਧਾਨ ਸਾਰੇ ਵਰਗਾਂ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਇੱਕ ਸਿਹਤਮੰਦ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਲਈ ਉਨ੍ਹਾਂ (ਡਾ. ਬੀ. ਆਰ. ਅੰਬੇਡਕਰ) ਦੇ ਸਾਹਿਤ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ।

    ਇਸ ਮੌਕੇ ਉੱਘੇ ਡਾ.ਜੇ.ਐਸ.ਕਹਿਲ ਨੇ ਬਾਬਾ ਸਾਹਿਬ ਭਾਰਤ ਰਤਨ ਡਾ.ਬੀਰ.ਆਰ ਅੰਬੇਡਕਰ ਦੀਆਂ ਸਿੱਖਿਆਵਾਂ ਨੂੰ ਪ੍ਰੇਰਨਾਦਾਇਕ ਦੱਸਿਆ। ਇਸ ਸਮਾਗਮ ਦਾ ਆਯੋਜਨ ਡਾ.ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿ. ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵਿਰਾਸਤ ਏ ਖਾਲਸਾ ਦੇ ਆਡੀਟੋਰੀਅਮ ਵਿਚ ਕਰਵਾਇਆ ਗਿਆ। ਇਸ ਮੌਕੇ ਸੰਸਥਾਂ ਦੇ ਆਗੂਆਂ  ਡਾ.ਰਣਵੀਰ ਸਿੰਘ, ਅਜੇ ਬੈਂਸ, ਸਵਰਨ ਸਿੰਘ, ਦਰਸ਼ਨ ਸਿੰਘ ਦਾ ਸਮਾਗਮ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਧੰਨਵਾਦ ਕੀਤਾ। ਇਸ ਮੌਕੇ ਬੱਚਿਆ ਵੱਲੋਂ ਦੀ ਗ੍ਰੇਟ ਅੰਬੇਡਕਰ ਨਾਟਕ ਦਾ ਮੰਚਨ ਤੇ ਕੋਰੀਓਗ੍ਰਾਫੀ ਕੀਤੀ ਗਈ।

ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਸਰਬਜੀਤ ਸਿੰਘ ਭਟੋਲੀ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਹਰਤੇਗਵੀਰ ਸਿੰਘ ਤੇਗੀ, ਜਸਵੀਰ ਰਾਣਾ, ਜਿੰਮੀ ਡਾਢੀ, ਸੋਨੂੰ ਚੋਧਰੀ, ਨਿਤਿਨ ਬਾਸੋਵਾਲ, ਦਲਜੀਤ ਸਿੰਘ ਕਾਕਾ ਨਾਨਗਰਾ, ਰਾਜ ਘਈ, ਰੇਸ਼ਵ ਨੱਡਾ, ਪਰਮਜੀਤ ਸਿੰਘ, ਮਹਿੰਦਰ ਸਿੰਘ ਮਜਾਰਾ, ਕਮਲ ਸਹਿਗਲ, ਜਗਰੂਪ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ, ਜਸਪਾਲ ਸਿੰਘ, ਦੀਦਾਰ ਸਿੰਘ, ਦਲੀਪ ਹੰਸ, ਰਜਿੰਦਰ ਗਿੱਲ, ਸੁਨੀਲ ਅਡਵਾਲ ਹਾਜ਼ਰ ਸਨ।