ਦੀਨਾਨਗਰ, 24 ਜੂਨ 2025 Aj Di Awaaj
Punjab Desk : ਵਿਰਾਸਤੀ ਮੰਚ ਬਟਾਲਾ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਕਮੇਟੀ ਦੀਨਾਨਗਰ, ਬਾਬਾ ਸ੍ਰੀ ਚੰਦ ਜੀ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 29 ਜੂਨ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ।
ਬਰਸੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਗੁਰਦੁਆਰਾ ਦੀਨਾਨਗਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐੱਚ.ਐੱਸ. ਮਾਂਗਟ, ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਮੱਲ੍ਹੀ, ਉੱਘੇ ਆਗੂ ਜਥੇਦਾਰ ਨਰਿੰਦਰ ਸਿੰਘ ਬਾੜਾ, ਗੁਰਦੁਆਰਾ ਕਮੇਟੀ ਪ੍ਰਧਾਨ ਕੈਪਟਨ ਅਜੀਤ ਸਿੰਘ, ਮੈਨੇਜਰ ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਹਰਪੁਰਾ, ਬਲਕਾਰ ਸਿੰਘ, ਗੁਰਦੀਪ ਸਿੰਘ ਕੋਠੇ ਜੱਟਾਂ, ਮਨਪ੍ਰੀਤ ਸਿੰਘ ਬਾੜਾ, ਜਰਨੈਲ ਸਿੰਘ, ਕਰਮਜੀਤ ਕੌਰ, ਕੁਲਦੀਪ ਕੌਰ, ਗੁਰਵਿੰਦਰ ਕੌਰ, ਚਰਨਜੀਤ ਕੌਰ, ਰਜਿੰਦਰ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਹੋਏ ਫੈਸਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ 27 ਜੂਨ ਨੂੰ ਸਵੇਰੇ 8:00 ਵਜੇ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਜਿਸ ਉਪਰੰਤ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਗੁਣਗਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਜਥੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਪ੍ਰਸੰਗ ਪੇਸ਼ ਕੀਤੇ ਜਾਣਗੇ। ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਉਪਰੰਤ ਵੱਖ-ਵੱਖ ਵਿਦਾਵਾਨਾਂ ਤੇ ਬੁਲਾਰਿਆਂ ਵੱਲੋਂ ਮਹਾਰਾਜਾ ਰਣਹੀਤ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਨੇ ਕਿਹਾ ਕਿ ਇਹ ਸਾਰਾ ਪ੍ਰੋਗਰਾਮ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਦੀਨਾਨਗਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 29 ਜੂਨ ਨੂੰ ਸਵੇਰੇ 10:00 ਵਜੇ ਗੁਰਦੁਆਰਾ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਦੀਨਾਨਗਰ ਵਿਖੇ ਆਪਣੀ ਹਾਜ਼ਰੀ ਜ਼ਰੂਰ ਭਰਨ।
