ਗੁਰਦਾਸਪੁਰ 17 Jan 2026 AJ DI Awaaj
Punjab Desk : ਗੁਰਦਾਸਪੁਰ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਕੂਲ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਦਰਜਨ ਦੇ ਕਰੀਬ ਸਰਕਾਰੀ ਅਧਿਆਪਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਨਿਚਰਵਾਰ ਸਵੇਰੇ ਨੈਸ਼ਨਲ ਹਾਈਵੇ 354 ‘ਤੇ ਕਲਾਨੌਰ–ਗੁਰਦਾਸਪੁਰ ਮਾਰਗ ਉੱਤੇ ਅੱਡਾ ਨਰਾਂਵਾਲੀ ਨੇੜੇ ਵਾਪਰਿਆ। ਗੁਰਦਾਸਪੁਰ ਵੱਲੋਂ ਆ ਰਹੀ ਅਧਿਆਪਕਾਂ ਨਾਲ ਭਰੀ ਵੈਨ ਸੰਘਣੀ ਧੁੰਦ ਕਾਰਨ ਕਾਬੂ ਤੋਂ ਬਾਹਰ ਹੋ ਕੇ ਹਾਦਸਾਗ੍ਰਸਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਸਵਾਰ ਅਧਿਆਪਕ ਪਠਾਨਕੋਟ ਨਾਲ ਸਬੰਧਤ ਸਨ ਅਤੇ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਤਾਇਨਾਤ ਹਨ। ਉਹ ਰੋਜ਼ਾਨਾ ਦੀ ਤਰ੍ਹਾਂ ਵੈਨ ਰਾਹੀਂ ਸਕੂਲ ਜਾ ਰਹੇ ਸਨ, ਪਰ ਨਰਾਂਵਾਲੀ ਨੇੜੇ ਧੁੰਦ ਕਾਰਨ ਹਾਦਸਾ ਵਾਪਰ ਗਿਆ।
ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖਮੀ ਅਧਿਆਪਕਾਂ ਨੂੰ ਵੈਨ ਵਿੱਚੋਂ ਬਾਹਰ ਕੱਢਿਆ। ਸਾਰੇ ਫੱਟੜਾਂ ਨੂੰ 108 ਐਂਬੂਲੈਂਸ ਸੇਵਾ ਰਾਹੀਂ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।














