14 ਦਸੰਬਰ 2025 Aj Di Awaaj
National Desk: ਆਗਰਾ-ਲਖਨਊ ਐਕਸਪ੍ਰੈਸ-ਵੇਅ ’ਤੇ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਬੇਹਟਾ ਮੁਜਾਵਰ ਖੇਤਰ ਵਿੱਚ ਸਵੇਰੇ ਕਰੀਬ ਛੇ ਵਜੇ ਘੱਟ ਦਿੱਖ ਹੋਣ ਕਾਰਨ ਛੇ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਸਲੀਪਰ ਬੱਸ ਦੇ ਡਰਾਈਵਰ ਦੀ ਮੌ/ਤ ਹੋ ਗਈ, ਜਦਕਿ ਕੰਡਕਟਰ ਸਮੇਤ ਤਿੰਨ ਹੋਰ ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।
ਹਾਦਸੇ ਕਾਰਨ ਐਕਸਪ੍ਰੈਸ-ਵੇਅ ’ਤੇ ਲਗਭਗ ਇੱਕ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਮੌਕੇ ’ਤੇ ਪੁਲਿਸ ਅਤੇ ਯੂਪੀਡਾ (UPIDA) ਦੀ ਟੀਮ ਨੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ।
ਦੱਸਿਆ ਗਿਆ ਹੈ ਕਿ ਗੰਗਾ ਐਕਸਪ੍ਰੈਸ-ਵੇਅ ਦੇ ਨਿਰਮਾਣ ਕਾਰਨ ਬੇਹਟਾ ਮੁਜਾਵਰ ਦੇ ਸ਼ਾਦੀਪੁਰ ਪਿੰਡ ਸਾਹਮਣੇ ਬਣੇ ਇੰਟਰਚੇਂਜ ’ਤੇ ਇੱਕ ਲੇਨ ਬੰਦ ਹੈ, ਜਿਸ ਕਰਕੇ ਦੋਵੇਂ ਪਾਸਿਆਂ ਦਾ ਟ੍ਰੈਫਿਕ ਇੱਕੋ ਲੇਨ ਤੋਂ ਕੱਢਿਆ ਜਾ ਰਿਹਾ ਸੀ। ਸੰਘਣੀ ਧੁੰਦ ਕਾਰਨ ਵਾਹਨ ਚਾਲਕ ਅੱਗੇ ਦਾ ਟ੍ਰੈਫਿਕ ਨਹੀਂ ਦੇਖ ਸਕੇ ਅਤੇ ਹਾਦਸਾ ਵਾਪਰ ਗਿਆ।
ਸਭ ਤੋਂ ਪਹਿਲਾਂ ਆਗਰਾ ਤੋਂ ਲਖਨਊ ਜਾ ਰਿਹਾ ਇੱਕ ਲੋਡਰ ਬੇਕਾਬੂ ਹੋ ਕੇ ਪਲਾਸਟਿਕ ਬੈਰੀਅਰ ਨਾਲ ਟਕਰਾ ਕੇ ਪਲਟ ਗਿਆ। ਇਸ ਤੋਂ ਬਾਅਦ ਪਿੱਛੋਂ ਆ ਰਹੇ ਟ੍ਰੇਲਰ, ਇੱਕ ਸਲੀਪਰ ਬੱਸ ਅਤੇ ਅਰਟਿਗਾ ਕਾਰ ਵੀ ਆਪਸ ਵਿੱਚ ਟਕਰਾ ਗਏ। ਖੁਸ਼ਕਿਸਮਤੀ ਨਾਲ ਇਨ੍ਹਾਂ ਵਾਹਨਾਂ ਦੇ ਸਵਾਰਾਂ ਨੂੰ ਵੱਡੀ ਸੱਟ ਨਹੀਂ ਲੱਗੀ।
ਇਸੇ ਦੌਰਾਨ ਜੈਪੁਰ ਤੋਂ ਲਖਨਊ ਜਾ ਰਹੀ ਸੇਠੀ ਕੋਚ ਦੀ ਸਲੀਪਰ ਬੱਸ ਤੇਜ਼ ਰਫ਼ਤਾਰ ਵਿੱਚ ਟ੍ਰੇਲਰ ਨਾਲ ਟਕਰਾ ਗਈ। ਟੱਕਰ ਇਨੀ ਜ਼ੋਰਦਾਰ ਸੀ ਕਿ ਬੱਸ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬੱਸ ਡਰਾਈਵਰ ਜਤਿੰਦਰ (50), ਨਿਵਾਸੀ ਧੌਲਪੁਰ, ਰਾਜਸਥਾਨ, ਅਤੇ ਕੰਡਕਟਰ ਹਰੀਓਮ ਕੈਬਿਨ ਵਿੱਚ ਫਸ ਗਏ।
ਯੂਪੀਡਾ ਦੀ ਟੀਮ ਨੇ ਦੋਵਾਂ ਨੂੰ ਬਾਹਰ ਕੱਢ ਕੇ ਸੀ.ਐੱਚ.ਸੀ. ਬਾਂਗਰਮਊ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਡਰਾਈਵਰ ਜਤਿੰਦਰ ਨੂੰ ਮ੍ਰਿ/ਤਕ ਘੋਸ਼ਿਤ ਕਰ ਦਿੱਤਾ। ਕੰਡਕਟਰ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ।
ਇਸ ਹਾਦਸੇ ਵਿੱਚ ਲੋਡਰ ਵਿੱਚ ਸਵਾਰ ਗੁੱਡੂ ਅਤੇ ਮਹਿੰਦਰ ਕੁਮਾਰ ਸੈਣੀ, ਨਿਵਾਸੀ ਦੌਸਾ (ਰਾਜਸਥਾਨ), ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਲੋਡਰ ਦਾ ਡਰਾਈਵਰ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
ਪੁਲਿਸ ਅਤੇ ਯੂਪੀਡਾ ਕਰਮਚਾਰੀਆਂ ਨੇ ਨੁਕਸਾਨੀ ਗੱਡੀਆਂ ਹਟਾ ਕੇ ਕਰੀਬ ਇੱਕ ਘੰਟੇ ਬਾਅਦ ਟ੍ਰੈਫਿਕ ਮੁੜ ਸਹੀ ਕਰਵਾਇਆ। ਐੱਸ.ਓ. ਮੁੰਨਾ ਕੁਮਾਰ ਨੇ ਦੱਸਿਆ ਕਿ ਸੰਘਣੀ ਧੁੰਦ ਅਤੇ ਘੱਟ ਦਿੱਖ ਹਾਦਸੇ ਦਾ ਮੁੱਖ ਕਾਰਨ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।














