ਫਰੀਦਕੋਟ 6 ਅਕਤੂਬਰ 2025 AJ DI Awaaj
Punjab Desk : ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ‘ਚ ਪਟਾਕੇ ਵੇਚਣ/ਸਟਾਕ ਕਰਨ ਲਈ 24 ਆਰਜ਼ੀ ਲਾਈਸੈਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਹੀ ਕੱਢੇ ਗਏ। ਇਸ ਮੌਕੇ ਜੀ.ਏ. ਸ. ਗੁਰਕਿਰਨਦੀਪ ਸਿੰਘ ਵੀ ਹਾਜ਼ਰ ਸੀ।
ਡਰਾਅ ਕੱਢਣ ਤੋਂ ਪਹਿਲਾਂ ਐਸ.ਡੀ.ਐਮ ਨੇ ਹਾਜ਼ਰੀਨ ਬਿਨੈਕਾਰਾਂ ਵੱਲੋਂ ਪਾਸੋਂ ਵੱਖ ਵੱਖ ਲਾਇਸੰਸ ਲੈਣ ਵਾਲਿਆਂ ਨੂੰ ਪਰਚੀਆਂ ਚੈੱਕ ਕਰਵਾਈਆਂ। ਇਸ ਡਰਾਅ ਦੀਆਂ ਪਰਚੀਆਂ ਮੌਕੇ ਤੇ ਵੀਡੀਓਗ੍ਰਾਫੀ ਕਰਦਿਆਂ ਬਿਨੈਕਾਰਾਂ ਤੋਂ ਹੀ ਕਢਵਾਈਆਂ ਗਈਆਂ।
ਐਸ.ਡੀ.ਐਮ ਮੇਜਰ ਡਾ.ਵਰੁਣ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੀਆਂ 03 ਸਬ ਡਵੀਜ਼ਨਾਂ ਵਿੱਚ 24 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਕੁੱਲ 212 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਲਈ ਪ੍ਰਾਪਤ ਕੁੱਲ 79 ਦਰਖਾਸਤਾਂ ਵਿੱਚੋਂ 15 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਇਸੇ ਤਰਾਂ ਸਬ ਡਵੀਜ਼ਨ ਕੋਟਕਪੂਰਾ ਲਈ ਪ੍ਰਾਪਤ 127 ਦਰਖਾਸਤਾਂ ਵਿੱਚੋਂ 5 ਅਤੇ ਸਬ-ਡਵੀਜ਼ਨ ਜੈਤੋ ਲਈ ਪ੍ਰਾਪਤ ਕੁੱਲ 6 ਦਰਖਾਸਤਾਂ ਵਿੱਚੋਂ 4 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਉਨਾਂ ਇਹ ਵੀ ਦੱਸਿਆ ਕਿ ਪਟਾਕੇ ਨਿਸਚਿਤ ਥਾਵਾਂ ‘ਤੇ ਹੀ ਵੇਚੇ/ਸਟਾਕ ਕੀਤੇ ਜਾ ਸਕਣਗੇ ਅਤੇ ਬਿਨਾ ਲਾਇਸੈਸ ਤੋ ਕੋਈ ਵੀ ਵਿਅਕਤੀ ਪਟਾਕੇ ਨਹੀ ਵੇਚ ਸਕੇਗਾ।
