ਚੇਨਈ 07 Apr 2026 AJ DI Awaaj
Manoranjan Desk : ਤਾਮਿਲ ਅਦਾਕਾਰਾ ਸੁਭਾਸ਼ਿਨੀ (ਜਿਸਨੂੰ ਸਾਸਵੀਬਾਲਾ ਵੀ ਕਿਹਾ ਜਾਂਦਾ ਹੈ) ਨੇ ਚੇਨਈ ਵਿੱਚ ਆਪਣੇ ਕਿਰਾਏ ਦੇ ਘਰ ਵਿੱਚ ਖੁ*ਦਕੁਸ਼ੀ ਕਰ ਲਈ। 36 ਸਾਲਾ ਸ਼੍ਰੀਲੰਕਾਈ ਟੈਲੀਵਿਜ਼ਨ ਅਦਾਕਾਰਾ ਨੇ ਐਤਵਾਰ ਰਾਤ ਅਯੱਪਨਥੰਗਲ, ਪੋਰੂਰ ਨੇੜੇ ਸਥਿਤ ਆਪਣੇ ਅਪਾਰਟਮੈਂਟ ਵਿੱਚ ਇਹ ਕਦਮ ਚੁੱਕਿਆ। ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਘਰੇਲੂ ਤਕਰਾਰ ਇਸ ਘਟਨਾ ਦਾ ਸੰਭਾਵਿਤ ਕਾਰਨ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ, ਘਟਨਾ ਸਮੇਂ ਸੁਭਾਸ਼ਿਨੀ ਆਪਣੇ ਪਤੀ ਬਿਪਿਨ ਚੰਦਰਨ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਦੌਰਾਨ ਗੱਲਬਾਤ ਦੋਨਾਂ ਵਿਚਕਾਰ ਝਗੜਾ ਹੋਇਆ, ਜਿਸ ਤੋਂ ਬਾਅਦ ਅਦਾਕਾਰਾ ਨੇ ਘਰ ਦੇ ਅੰਦਰ ਛੱਤ ਦੇ ਪੱਖੇ ਨਾਲ ਫਾ*ਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੌਰਾਨ ਪਤੀ ਨੇ ਸਾਰਾ ਮਾਮਲਾ ਵੀਡੀਓ ਕਾਲ ‘ਤੇ ਦੇਖਿਆ ਅਤੇ ਤੁਰੰਤ ਅਪਾਰਟਮੈਂਟ ਦੇ ਸੁਰੱਖਿਆ ਕਰਮਚਾਰੀ ਨੂੰ ਸੂਚਿਤ ਕੀਤਾ, ਜਿਸ ਨੇ ਪੁਲਿਸ ਨੂੰ ਖ਼ਬਰ ਦਿੱਤੀ।
ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਪੂਨਾਮਲੀ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿ*ਤ ਘੋਸ਼ਿਤ ਕਰ ਦਿੱਤਾ। ਬਾਅਦ ਵਿੱਚ ਪੋਸਟਮਾਰਟਮ ਲਈ ਲਾ*ਸ਼ ਨੂੰ ਕਿਲਪੌਕ ਮੈਡੀਕਲ ਕਾਲਜ ਭੇਜਿਆ ਗਿਆ।
ਸੁਭਾਸ਼ਿਨੀ ਨੇ ਅਪ੍ਰੈਲ 2024 ਵਿੱਚ ਬੈਂਗਲੁਰੂ ਨਿਵਾਸੀ ਬਿਪਿਨ ਚੰਦਰਨ ਨਾਲ ਵਿਆਹ ਕੀਤਾ ਸੀ ਅਤੇ ਦੋਵੇਂ ਬੈਂਗਲੁਰੂ ਵਿੱਚ ਰਹਿ ਰਹੇ ਸਨ। ਚੇਨਈ ਵਿੱਚ ਸ਼ੂਟਿੰਗ ਦੇ ਕਾਰਨ ਉਹ ਅਯੱਪਨਥੰਗਲ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਹੀ ਸੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਆਹ ਨੂੰ ਹਾਲੇ ਦੋ ਸਾਲ ਹੀ ਹੋਏ ਹੋਣ ਕਰਕੇ ਮਾਮਲੇ ਦੀ ਜਾਂਚ ਲਈ ਰੇਵਨਿਊ ਡਿਵਿਜ਼ਨਲ ਅਫਸਰ (RDO) ਵੱਲੋਂ ਵੀ ਵੱਖਰੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।














