ਕੀਰਤਪੁਰ ਸਾਹਿਬ 14 ਮਈ 2025 Aj DI Awaaj
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਲੋਹੰਡ ਖੱਡ ਕੀਰਤਪੁਰ ਸਾਹਿਬ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਅੱਜ ਉਕਤ ਮੋਰਚੇ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਮਹਿਲਾਵਾਂ ਉਕਤ ਮੋਰਚੇ ਵਿੱਚ ਪਹੁੰਚੀਆਂ। ਇਸ ਦੌਰਾਨ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਭਾਸ਼ਾ, ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਪੰਜਾਬ ਅਤੇ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਪੰਜਾਬ ਵੀ ਅੱਜ ਉਕਤ ਮੋਰਚੇ ਤੇ ਡਟੇ ਨਜ਼ਰ ਆਏ। ਇਸ ਮੋਰਚੇ ਦੀ ਅਗਵਾਈ ਅੱਜ ਕੀਰਤਪੁਰ ਸਾਹਿਬ ਇਲਾਕੇ ਦੇ ਮਹਿਲਾ ਮੰਡਲਾਂ ਤੇ ਮਹਿਲਾ ਸਰਪੰਚਾਂ,ਪੰਚਾਂ ਨੇ ਕੀਤੀ ਅਤੇ ਕੈਬਨਿਟ ਮੰਤਰੀ ਸਹਿਬਾਨ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਮੁੱਚੇ ਮੋਰਚੇ ਦੀ ਲਗਾਤਾਰ ਅਗਵਾਈ ਕਰਨ ਦੇ ਸਮਰੱਥ ਹਨ ਪ੍ਰੰਤੂ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ ਵਾਧੂ ਨਹੀ ਦਿੱਤਾ ਜਾਵੇਗਾ।
ਇਸ ਦੌਰਾਨ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਮੋਰਚਾ ਨੰਗਲ ਡੈਮ ਉੱਤੇ ਤੇ ਲੋਹੰਡ ਖੱਡ ਕੀਰਤਪੁਰ ਸਾਹਿਬ ਵਿਖੇ ਲੱਗਿਆ ਹੋਇਆ ਹੈ, ਉਹਨਾਂ ਕਿਹਾ ਕਿ ਜਿੱਥੇ ਪੰਜਾਬ ਦੀ ਆਮ ਅਵਾਮ 24 ਘੰਟੇ ਪਹਿਰਾ ਦੇ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਪਿਛਲੇ ਦਿਨਾਂ ਦੌਰਾਨ ਬਲੈਕ ਆਊਟ ਦੇ ਹਾਲਾਤ ਬਣੇ ਅਤੇ ਜੰਗ ਦੀਆਂ ਸੰਭਾਵਾਨਾਂ ਸ਼ਿਖਰਾਂ ਤੇ ਸਨ ਉਸ ਸਮੇਂ ਵੀ ਸਾਡੇ ਸਾਥੀਆਂ ਪੰਜਾਬ ਦੇ ਜਾਗਰੂਕ ਲੋਕਾਂ ਨੇ ਪ੍ਰਵਾਹ ਨਹੀ ਕੀਤੀ ਅਤੇ ਦਿਨ ਰਾਤ ਇਸ ਧਰਨੇ ਤੇ ਡਟੇ ਰਹੇ, ਜਦੋਂ ਕਿ ਬੀਬੀਐਮਬੀ ਦੇ ਚੇਅਰਮੈਨ ਸਮੇਤ ਹੋਰ ਅਧਿਕਾਰੀ ਮੌਕੇ ਦੀ ਤਾਕ ਵਿਚ ਰਹੇ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਸੂਬੇ ਦੇ ਆਪਣੇ ਹੱਕ ਦੇ ਪਾਣੀ ਨੂੰ ਦੂਜੇ ਸੂਬੇ ਵੱਲ ਖੋਲ ਕੇ ਕੇਂਦਰ ਸਰਕਾਰ ਦੀ ਚਾਪਲੂਸੀ ਕੀਤੀ ਜਾ ਸਕੇ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਵੱਡੀ ਤਾਦਾਦ ਸਾਡੀਆਂ ਬੀਬੀਆਂ ਸਾਡੀਆਂ ਮਤਾਵਾਂ ਸਾਡੀਆਂ ਭੈਣਾਂ ਇਸ ਮੋਰਚੇ ਚ ਪਹੁੰਚੀਆਂ ਨੇ ਤੇ ਉਹਨੇ ਇਸ ਮੋਰਚੇ ਨੂੰ ਆਪਣਾ ਸਮਰਥਨ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਲੜਾਈ ਸਾਡੀ ਹੋਂਦ ਦੀ ਹੈ, ਕਿਉਂਕਿ ਇਸ ਇਲਾਕੇ ਦੇ ਲੋਕਾਂ ਦੇ ਹੱਕ ਦਾ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਭਾਵੇਂ ਨਹਿਰਾਂ ਸਾਡੀਆ ਜਮੀਨਾਂ ਪਾੜ ਕੇ ਕੱਢੀਆਂ ਗਈਆਂ ਹਨ ਪਰ ਸਾਨੂੰ ਇਹਨਾਂ ਨਹਿਰਾਂ ਦਾ ਕਦੇ ਵੀ ਲਾਭ ਨਹੀਂ ਮਿਲਿਆ, ਹੁਣ ਪਹਿਲੀ ਵਾਰ ਸਾਡੇ ਚੰਗਰ ਇਲਾਕੇ ਦੇ ਪਿੰਡਾਂ ਨੂੰ ਲਿਫਟ ਸਿੰਚਾਈ ਯੋਜਨਾ ਰਾਹੀ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ ਅਤੇ ਸਾਡੇ ਇਲਾਕੇ ਦੇ ਲੋਕਾਂ ਵਿੱਚ ਜਾਗਰੂਕਤਾ ਵੱਧ ਰਹੀ ਹੈ, ਜਿਸ ਲਈ ਉਹ ਆਪਣੇ ਹੱਕਾਂ ਦੇ ਲਈ ਹੁਣ ਡੱਟ ਕੇ ਸਰਕਾਰ ਦੇ ਨਾਲ ਖੜੇ ਹਨ ਅਤੇ ਆਪਣੇ ਪਾਣੀ ਤੇ ਡਾਕਾ ਮਾਰਨ ਵਾਲਿਆਂ ਦਾ ਮੋਰਚਾ ਲਾ ਕੇ ਜੋਰਦਾਰ ਵਿਰੋਧ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਚੱਲ ਰਹੇ ਮੋਰਚਿਆਂ ਵਿੱਚ ਜਿੱਥੇ ਬੀਤੇ ਕੱਲ ਤੋਂ ਕੀਰਤਪੁਰ ਸਾਹਿਬ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੋਰਚੇ ਤੇ ਡਟੇ ਹੋਏ ਹਨ, ਉਥੇ ਹੀ ਨੰਗਲ ਡੈਮ ਤੇ ਲੱਗੇ ਮੋਰਚੇ ਵਿੱਚ 4 ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ, ਕੁਲਦੀਪ ਸਿੰਘ ਧਾਲੀਵਾਲ , ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁੱਲਰ ਸਮੇਤ ਮਾਝੇ ਦੇ ਕਈ ਵਿਧਾਇਕ, ਚੇਅਰਮੈਨ, ਪ੍ਰਧਾਨ ਤੇ ਆਮ ਲੋਕ ਮੋਰਚੇ ਵਿੱਚ ਪਹੁੰਚੇ ਹੋਏ ਹਨ।
ਉਹਨਾਂ ਕਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਖੁੱਦ ਵਾਰ ਵਾਰ ਨੰਗਲ ਡੈਮ ਆ ਚੁੱਕੇ ਹਨ, ਉਥੇ ਹੀ ਸੂਬਾ ਸਰਕਾਰ ਦਿਨ ਰਾਤ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਵਿਰੋਧੀ ਧਿਰ ਦੇ ਇਹ ਕਹਿ ਰਹੇ ਹਨ ਕਿ ਇਹ ਸਿਆਸੀ ਸਟੰਟ ਕਰ ਰਹੇ ਹਨ, ਉਹ ਲੋਕ ਦੱਸਣ ਕਿ ਉਹਨਾਂ ਲੋਕਾਂ ਨੇ ਆਪਣੀ ਸਰਕਾਰ ਸਮੇਂ ਪੰਜਾਬ ਦੇ ਪਾਣੀਆਂ ਦੀ ਕਿੰਨੀ ਕੁ ਰਾਖੀ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਅੱਜ ਗੱਲਾਂ ਕਰਦੇ ਹਨ ਉਹਨਾਂ ਦੇ ਰਾਜਨੀਤਿਕ ਦਲਾਂ ਨੂੰ ਸਭ ਨੂੰ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਵੀ ਰਾਜ ਕਰ ਲਿਆ, ਭਾਜਪਾ ਨੇ ਵੀ ਕਰ ਲਿਆ, ਅਕਾਲੀ ਦਲ ਨੇ ਵੀ ਕਰ ਲਿਆ ਪਰ ਚੰਗਰ ਦੇ ਪਿੰਡਾਂ ਨੂੰ ਹੁਣ ਤੱਕ ਪਾਣੀ ਨਹੀਂ ਮਿਲਿਆ ਅਸੀਂ ਚੰਗਰ ਦੇ ਪਿੰਡਾਂ ਨੂੰ ਪਾਣੀ ਦੇਣ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਪਾਣੀਆਂ ਨੂੰ ਬਚਾਉਣ ਦੇ ਮਾਮਲੇ ਚ ਅਸੀਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੂੰ ਇਸ ਮੋਰਚੇ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਪਰ ਪਾਣੀਆਂ ਨੂੰ ਬਚਾਉਣ ਦੇ ਮਾਮਲੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀਆਂ ਸਰਕਾਰ ਦੇ ਨਾਲ ਨਹੀਂ ਖੜੀਆਂ ਹਨ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਾਣੀ ਸਾਡੇ ਸੂਬੇ ਦੇ ਲੋਕਾਂ ਦਾ ਅਧਿਕਾਰ ਹੈ, ਅਸੀ ਹੋਰ ਸੂਬਿਆਂ ਦਾ ਬਣਦਾ ਪਾਣੀ ਦਾ ਹਿੱਸਾ ਕਦੇ ਵੀ ਨਹੀ ਰੋਕਿਆਂ, ਸਗੋਂ ਜਦੋ ਵੀ ਸਾਡੇ ਕੋਲ ਵਾਧੂ ਪਾਣੀ ਇਕੱਠਾ ਹੋਇਆ ਹੈ, ਅਸੀ ਹੋਰ ਸੂਬਿਆਂ ਨੂੰ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਹੈ, ਜੋ ਇਨ੍ਹਾਂ ਗੁਆਢੀ ਸੂਬਿਆਂ ਨੇ ਲਿਖਤੀ ਤੌਰ ਤੇ ਠੁਕਰਾ ਦਿੱਤੀ ਹੈ। ਮਾਣਯੋਗ ਅਦਾਲਤਾਂ ਵਿਚ ਜਦੋਂ ਪੰਜਾਬ ਸਰਕਾਰ ਨੇ ਆਪਣੇ ਹੱਕਾਂ ਦੀ ਲੜਾਈ ਲੜਦੇ ਹੋਏ ਧੱਕੇਸ਼ਾਹੀ ਰੋਕਣ ਦੀ ਰਵਿਊ ਪਟੀਸ਼ਨ ਦਾਇਰ ਕੀਤੀ ਹੈ ਤਾ ਮਾਣਯੋਗ ਅਦਾਲਤ ਨੇ ਬੀਬੀਐਮਬੀ ਚੇਅਰਮੈਨ ਤੋਂ ਤੱਥ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਮਾਣਯੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਪਰੰਤੂ ਭਾਜਪਾ ਸਾਸ਼ਕ ਕੇਂਦਰ ਸਰਕਾਰ ਅਤੇ ਹੋਰ ਸਰਕਾਂਰਾਂ ਗੈਰ ਸੰਵਿਧਾਨਕ ਤਰੀਕੇ ਅਪਨਾਂ ਕੇ ਬੀਬੀਐਮਬੀ ਨੂੰ ਪੰਜਾਬ ਵਿਰੁੱਧ ਵਰਤ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਲਈ ਲੜਦੇ ਆ ਰਹੇ ਹਨ ਭਾਵੇਂ ਕੇਂਦਰ ਤੋਂ ਆਪਣੇ ਹੱਕ ਲੈਣ ਦੀ ਗੱਲ ਹੋਵੇ ਭਾਵੇਂ ਹੁਣ ਬੀਬੀਐਮਬੀ ਵੱਲੋਂ ਕੇਂਦਰ ਦੇ ਦਬਾਅ ਹੇਠ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਹੋਵੇ ਤਾਂ ਆਪਣੇ ਪਾਣੀਆਂ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਹਨਾਂ ਮੋਰਚਿਆਂ ਤੇ ਡਟੇ ਹੋਏ ਨਜ਼ਰ ਆਏ ਹਨ। ਜਿਸ ਕਰਕੇ ਪੰਜਾਬ ਦੇ ਤਮਾਮ ਵਜ਼ੀਰ ਵੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਨੰਗਲ ਅਤੇ ਕੀਰਤਪੁਰ ਸਾਹਿਬ ਦੇ ਮੋਰਚਿਆਂ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਕਮਿੱਕਰ ਸਿੰਘ ਡਾਢੀ, ਰਾਮ ਕੁਮਾਰ ਮੁਕਾਰੀ ਹਲਕਾ ਕੋਆਰਡੀਨੇਟਰ, ਪਰਮਿੰਦਰ ਸਿੰਘ ਜਿੰਮੀ, ਕੇਸਰ ਸਿੰਘ ਸੰਧੂ, ਜੁਝਾਰ ਸਿੰਘ ਆਸਪੁਰ, ਸਰਪੰਚ ਦਵਿੰਦਰ ਕੌਰ ਹਰਦੋਨਿਮੋਹ, ਸਰਪੰਚ ਦਲਵਿੰਦਰ ਕੌਰ ਟੱਪਰੀਆਂ, ਤਰਲੋਚਨ ਲੋਚੀ ਪ੍ਰਧਾਨ ਟਰੱਕ ਯੂਨੀਅਨ, ਬਲਵੀਰ ਸਿੰਘ ਮੋੜਾ, ਬੀਰ ਸਿੰਘ ਕੋਟਲਾ, ਰਾਮ ਲਾਲ, ਸਰਪੰਚ ਇੰਦਰਜੀਤ ਕੋਟਲਾ, ਸੁਮਨ ਦੇਵੀ ਪ੍ਰਧਾਨ ਮਹਿਲਾ ਮੰਡਲ ਪਿਰਥੀਪੁਰ, ਹਰਵਿੰਦਰ ਕੌਰ, ਪ੍ਰਕਾਸ਼ ਕੌਰ ਤੇ ਇਲਾਕੇ ਦੇ ਵੱਖ ਵੱਖ ਮਹਿਲਾ ਮੰਡਲਾਂ ਤੋ ਸੈਂਕੜੇ ਬੀਬੀਆਂ, ਪੰਚਾਂ, ਸਰਪੰਚਾਂ ਤੇ ਅਹੁਦੇਦਾਰਾਂ ਨੇ ਮੋਰਚੇ ਦੀ ਅਗਵਾਈ ਕੀਤੀ।
