ਇਸਲਾਮਾਬਾਦ ਦੀ ਸ਼ੀਆ ਮਸਜਿਦ ’ਚ ਆ/ਤਮਘਾਤੀ ਧਮਾਕਾ, ISIS ਨੇ ਲਈ ਜ਼ਿੰਮੇਵਾਰੀ; 33 ਮੌ/ਤਾਂ, 169 ਜ਼ਖ਼ਮੀ

1

07 ਫਰਵਰੀ 2026 ਅੱਜ ਦੀ ਆਵਾਜ਼

International Desk: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਦੌਰਾਨ ਇੱਕ ਭਿਆਨਕ ਆਤਮਘਾਤੀ ਧਮਾਕਾ ਹੋਇਆ। ਇਹ ਹਮਲਾ ਸ਼ੀਆ ਭਾਈਚਾਰੇ ਦੀ ਮਸਜਿਦ ਵਿੱਚ ਕੀਤਾ ਗਿਆ, ਜਿਸ ਵਿੱਚ ਹੁਣ ਤੱਕ 33 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 169 ਤੋਂ ਵੱਧ ਨਮਾਜ਼ੀ ਜ਼ਖ਼ਮੀ ਹੋਏ ਹਨ।

ਇਸ ਹਮਲੇ ਦੀ ਜ਼ਿੰਮੇਵਾਰੀ ਆਤੰਕੀ ਸੰਗਠਨ ਇਸਲਾਮਿਕ ਸਟੇਟ (ISIS) ਨੇ ਲਈ ਹੈ। ਜਿਹਾਦੀ ਗਰੁੱਪਾਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ SITE ਇੰਟੈਲੀਜੈਂਸ ਗਰੁੱਪ ਮੁਤਾਬਕ, ਹਮਲਾਵਰ ਨੇ ਮਸਜਿਦ ਦੇ ਅੰਦਰੂਨੀ ਦਰਵਾਜ਼ੇ ’ਤੇ ਪਹੁੰਚਦੇ ਹੀ ਸ਼ੀਆ ਨਮਾਜ਼ੀਆਂ ਵਿਚਕਾਰ ਆਪਣੀ ਵਿਸਫੋਟਕ ਜੈਕਟ ਨਾਲ ਧਮਾਕਾ ਕਰ ਦਿੱਤਾ।

ਸਮਾਚਾਰ ਏਜੰਸੀ AFP ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਦਰਵਾਜ਼ੇ ’ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਤੁਰੰਤ ਖ਼ੁਦ ਨੂੰ ਉਡਾ ਲਿਆ। ਉਸ ਸਮੇਂ ਮਸਜਿਦ ਨਮਾਜ਼ੀਆਂ ਨਾਲ ਭਰੀ ਹੋਈ ਸੀ, ਜਿਸ ਕਾਰਨ ਜਾਨੀ ਨੁਕਸਾਨ ਵੱਧ ਗਿਆ।

ਰਿਪੋਰਟਾਂ ਅਨੁਸਾਰ, ਇਹ ਹਮਲਾ ਸਾਲ 2008 ਵਿੱਚ ਹੋਏ ਮੈਰੀਅਟ ਹੋਟਲ ਬੰਬ ਧਮਾਕੇ ਤੋਂ ਬਾਅਦ ਇਸਲਾਮਾਬਾਦ ਵਿੱਚ ਸਭ ਤੋਂ ਘਾਤਕ ਆਤੰਕੀ ਹਮਲਾ ਮੰਨਿਆ ਜਾ ਰਿਹਾ ਹੈ। ਹਮਲੇ ਤੋਂ ਬਾਅਦ ਇਲਾਕੇ ’ਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।