ਤਪਾ, 12 ਮਾਰਚ 2026 AJ DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਰਤਿੰਦਰਪਾਲ ਕੌਰ ਧਾਲੀਵਾਲ ਦੀ ਅਗਵਾਈ ਹੇਠ ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਵਿੱਚ ਪੀੜ੍ਹੀਆਂ ਦੀ ਸਾਂਝ ਮਜ਼ਬੂਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਬਿਰਧ ਘਰ ਦੇ ਸੁਪਰਡੈਂਟ ਸ੍ਰੀਮਤੀ ਵੀਰਪਾਲ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਦੇ 9ਵੀਂ ਜਮਾਤ ਦੇ 48 ਵਿਦਿਆਰਥੀ ਬਿਰਧ ਆਸ਼ਰਮ ਪੁੱਜੇ।
ਇਸ ਪ੍ਰੋਗਰਾਮ ਦੌਰਾਨ ਯੋਗ ਅਤੇ ਤੰਦਰੁਸਤੀ ਪੰਜ ਰੋਜ਼ਾ ਯੋਗ ਅਤੇ ‘ਇੰਟਰਜਨਰੇਸ਼ਨਲ ਬੌਂਡਿੰਗ’ ਪ੍ਰੋਗਰਾਮ ਤਹਿਤ ਆਯੁਸ਼ ਵਿਭਾਗ ਦੇ ਡਾ. ਰਾਕੇਸ਼ ਕੁਮਾਰ ਨੇ ਕਰੀਬ 35-40 ਬਜ਼ੁਰਗਾਂ ਨੂੰ ਯੋਗ ਦੀ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹਿੰਦਾ ਹੈ, ਸਗੋਂ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਉਨ੍ਹਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਧਾਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ।
ਇਸ ਦੌਰਾਨ ਵਿਦਿਆਰਥੀਆਂ ਨੇ ਗਿੱਧੇ, ਬੋਲੀਆਂ, ਚੁਟਕਲੇ ਅਤੇ ਹੋਰ ਕਈ ਰੰਗਾਰੰਗ ਗਤੀਵਿਧੀਆਂ ਪੇਸ਼ ਕਰਕੇ ਬਜ਼ੁਰਗਾਂ ਦਾ ਮਨੋਰੰਜਨ ਕੀਤਾ, ਜਿਸ ਨਾਲ ਬਿਰਧ ਘਰ ਦਾ ਮਾਹੌਲ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਭਰ ਗਿਆ। ਇਸ ਮੌਕੇ ਬੱਚਿਆਂ ਨੇ ਬਜ਼ੁਰਗਾਂ ਕੋਲ ਬੈਠ ਕੇ ਉਨ੍ਹਾਂ ਦੇ ਜੀਵਨ ਅਨੁਭਵਾਂ ਤੋਂ ਕੀਮਤੀ ਸਿੱਖਿਆਵਾਂ ਲਈਆਂ। ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਨਵੀਂ ਪੀੜ੍ਹੀ ਅਤੇ ਬਜ਼ੁਰਗਾਂ ਵਿਚਕਾਰ ਪਿਆਰ ਅਤੇ ਸਤਿਕਾਰ ਦਾ ਇੱਕ ਮਜ਼ਬੂਤ ਪੁਲ ਬਣਾਉਣ ਵਿੱਚ ਸਹਾਈ ਹੁੰਦੇ ਹਨ।
ਅਖ਼ੀਰ ਵਿੱਚ ਸੁਪਰਡੈਂਟ ਅਤੇ ਸਮੂਹ ਸਟਾਫ਼ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਡਾ. ਰਾਕੇਸ਼ ਕੁਮਾਰ ਦਾ ਧੰਨਵਾਦ ਕੀਤਾ ਗਿਆ।














