ਬੁਰਜ ਮਸਤਾ ਅਤੇ ਸਿਮਰੇਵਾਲਾ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਕੈਂਪ

63
ਫ਼ਰੀਦਕੋਟ, 13 ਸਤੰਬਰ 2025 AJ Di Awaaj
Punjab Desk : ਜ਼ਿਲ੍ਹਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਦੀ ਅਗਵਾਈ ਵਿੱਚ, ਬਲਾਕ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਕੁਲਦੀਪ ਸਿੰਘ ਦੇ ਸਹਿਯੋਗ ਨਾਲ ਸੀ.ਆਰ.ਐਮ. ਸਕੀਮ ਤਹਿਤ ਪਿੰਡ ਬੁਰਜ ਮਸਤਾ ਅਤੇ ਸਿਮਰੇਵਾਲਾ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਗਏ।
ਇਨ੍ਹਾਂ ਕੈਂਪਾਂ ਦੌਰਾਨ ਬਾਗਬਾਨੀ ਵਿਕਾਸ ਅਫ਼ਸਰ ਡਾ. ਕੁਲਦੀਪ ਸਿੰਘ ਨੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਤੇ ਸਬਸਿਡੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਾਜਵੀਰ ਸਿੰਘ ਨੇ ਝੋਨੇ/ਬਾਸਮਤੀ ਫ਼ਸਲ ਵਿੱਚ ਪੈਦਾ ਹੋ ਰਹੀਆਂ ਬਿਮਾਰੀਆਂ, ਜਿਵੇਂ ਕਿ ਝੁਲਸ ਰੋਗ, ਭੁਰੜ ਰੋਗ, ਤਣੇ ਦੁਆਲੇ ਪੱਤੇ ਦਾ ਗਲਣਾ ਅਤੇ ਝੂਠੀ ਕਾਂਗਿਆਰੀ ਆਦਿ ਦੀ ਪਛਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਹਾਲ ਹੀ ਦੇ ਮੀਂਹ ਕਾਰਨ ਪਾਣੀ ਖੜ੍ਹ ਜਾਣ ਨਾਲ ਬੂਟਿਆਂ ਉਪਰ ਟਿੱਡਿਆਂ ਦੇ ਹਮਲੇ ਦੀ ਰੋਕਥਾਮ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਹੁਣ ਤੋਂ ਹੀ ਆਪਣੇ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਹੀ ਬਿਜਾਈ ਵਿਧੀ ਅਪਣਾਉਣ ਦੀ ਸਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ਉਪਰ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਜਿਸਨੂੰ ਕਿਸਾਨ ਵਾਜਬ ਕਿਰਾਏ ਉਪਰ ਲੈ ਕੇ ਪਰਾਲੀ ਪ੍ਰਬੰਧਨ ਲਈ ਵਰਤ ਸਕਦੇ ਹਨ।
ਖੇਤੀਬਾੜੀ ਉਪ-ਨਿਰੀਖਕ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ। ਇਸ ਦੌਰਾਨ ਉਨ੍ਹਾਂ ਨੇ ਕੈਂਪ ਦਾ ਮੰਚ ਸੰਚਾਲਨ ਵੀ ਕੀਤਾ।
ਇਨ੍ਹਾਂ ਕੈਂਪਾਂ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ।