ਨੱਥੂਪੁਰ ਵਿਖੇ ਪਰਾਲੀ ਪ੍ਰਬੰਧਨ ਜਾਗਰੂਕਤਾ ਕੈਂਪ

15

ਹੁਸ਼ਿਆਰਪੁਰ, 14 ਅਕਤੂਬਰ 2025 AJ DI Awaaj

Punjab Desk : ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ  ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਟਾਂਡਾ ਦੇ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਲਈ ਅਪਣਾਏ ਪਿੰਡ ਨੱਥੂਪੁਰ, ਬਲਾਕ ਟਾਂਡਾ ਵਿਖੇ ਪਿੰਡ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੀ ਸ਼ੂਰੁਆਤ ਵਿੱਚ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਅਤੇ ਉਪਲਬੱਧ ਮਸ਼ੀਨਰੀ ‘ਤੇ ਤਕਨੀਕਾਂ ਰਾਂਹੀ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਉਨ੍ਹਾਂ ਦੱਸਿਆ ਕਿ ਬਲਾਕ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬੈਕਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਿਸਾਨ ਪਰਾਲੀ ਪ੍ਰਬੰਧਨ ਸਬੰਧਿਤ ਮਸ਼ੀਨਰੀ ਦੀ ਵਰਤੋਂ ਸਾਂਝੇ ਤੌਰ ‘ਤੇ ਕਰਨ, ਤਾਂ ਜੋ ਇਸ ਦਾ ਪੂਰਾ ਲਾਭ ਲਿਆ ਜਾ ਸਕੇ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਅਜੈਬ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਦੱਸਿਆ ਅਤੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਉਪਲਬੱਧ ਮਸ਼ੀਨਰੀ ਦੀ ਵਰਤੋਂ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ਅਤੇ ਝੋਨੇ ਦੀ ਪਰਾਲੀ ਦੀ ਪਸ਼ੂ ਖੁਰਾਕ, ਊਰਜਾ, ਮਲਚ, ਖਾਦ ਵਜੋਂ ਤੇ ਖੁੰਬ ਉਤਪਾਦਨ ਤੇ ਗੋਬਰ ਗੈਸ ਪਲਾਂਟ ਵਿੱਚ ਵਰਤੋਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਖੇਤੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਟਾਂਡਾ ਲਵਜੀਤ ਸਿੰਘ ਨੇ ਵਿਭਾਗੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬਲਾਕ ਟਾਂਡਾ ਵਿੱਚ ਪਰਾਲੀ ਪ੍ਰਬੰਧਨ ਲਈ ਜ਼ਿਲਾ ਪ੍ਰਸ਼ਾਸਨ ਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਟਾਂਡਾ ਬਲਾਕ ਵਿੱਚ ਪਿਛਲੇ ਸਾਲਾਂ ਦੌਰਾਨ ਪਰਾਲੀ ਦੀਆਂ ਗੰਢਾਂ ਬਣਾ ਕੇ ਸਫਲਤਾਪੂਰਵਕ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਸ ਸਬੰਧੀ ਪੂਰਨ ਵਿਉਂਤਬੰਦੀ ਕਰਕੇ ਪਰਾਲੀ ਦਾ ਪ੍ਰਬੰਧ ਕਰਨ ਲਈ ਪ੍ਰੇਰਿਆ।
ਮੌਜੂਦ ਕਿਸਾਨਾਂ ਦੀ ਸਹੂਲਤ ਲਈ ਬਰਸੀਮ, ਗੋਭੀ, ਸਰ੍ਹੋਂ ਦੇ ਬੀਜ, ਸਰਦੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ, ਚਾਰੇ ਦੀਆ ਕਿੱਟਾਂ, ਦਾਲਾਂ ਤੇ ਤੇਲ ਬੀਜ ਕਿੱਟਾਂ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਖੇਤੀ ਸਾਹਿੱਤ ਵੀ ਉਪਲਬਧ ਕਰਵਾਇਆ ਗਿਆ।
ਇਸ ਮੌਕੇ ਪਿੰਡ ਨੱਥੂਪੁਰ, ਇਬਰਾਹਿਮਪੁਰ ਤੇ ਫਿਰੋਜ ਰੋਲੀਆਂ ਤੋਂ ਅਗਾਂਹਵਧੂ ਕਿਸਾਨ ਨੰਬਰਦਾਰ ਜਸਬੀਰ ਸਿੰਘ, ਨੰਬਰਦਾਰ ਸਰਜੀਤ ਸਿੰਘ, ਫੁੰਮਣ ਸਿੰਘ, ਲਖਵਿੰਦਰ ਸਿੰਘ, ਪੂਰਣ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ, ਜਗੀਰ ਸਿੰਘ, ਸੋਹਣ ਸਿੰਘ ਮੌਜੂਦ ਸਨ।
ਅੰਤ ਵਿੱਚ ਪਿੰਡ ਨੱਥੂਪੁਰ ਦੀ ਸਹਿਕਾਰੀ ਸਭਾ ਦੇ ਸਕੱਤਰ ਅੰਬਰੀਸ਼ ਨੇ ਆਏ ਹੋਏ ਮਾਹਿਰਾਂ ਅਤੇ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ।