ਸ੍ਰੀ ਮੁਕਤਸਰ ਸਾਹਿਬ, 21 ਮਾਰਚ 2026 AJ DI Awaaj
Punjab Desk : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਡੈਵੀ ਗੋਇਲ ਆਈ.ਏ.ਐੱਸ. ਵੱਲੋਂ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਮਹੱਤਵਪੂਰਨ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਲਾਗੂ ਕੀਤੇ ਗਏ ਹਨ ਅਤੇ ਆਮ ਜਨਤਾ ਦੀ ਸਿਹਤ ਅਤੇ ਸ਼ਾਂਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਰੋਜ਼ਾਨਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਆਵਾਜ਼ ਕਰਨ ਵਾਲੇ ਪਟਾਕਿਆਂ ‘ਤੇ ਪੂਰੀ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਰੌਸ਼ਨੀ ਵਾਲੇ (ਬਿਨਾ ਧਮਾਕੇ ਦੇ) ਪਟਾਕਿਆਂ ਨੂੰ ਇਸ ਤੋਂ ਛੂਟ ਦਿੱਤੀ ਗਈ ਹੈ।
ਸਰਕਾਰੀ ਥਾਵਾਂ, ਮੈਰਿਜ ਪੈਲੇਸ ਅਤੇ ਹੋਰ ਜਨਤਕ ਸਥਾਨਾਂ ‘ਤੇ ਲਾਊਡਸਪੀਕਰ ਜਾਂ ਸਾਊਂਡ ਸਿਸਟਮ ਦੀ ਆਵਾਜ਼ ਨਿਰਧਾਰਤ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ। (shall not exceed 10dB (A) above the ambient noise standards for the area of 75 DB(A) whichever is lower) ਇਸ ਤੋਂ ਇਲਾਵਾ ਰਾਤ ਦੇ ਸਮੇਂ ਢੋਲ, ਬੈਂਡ ਜਾਂ ਹੋਰ ਸੰਗੀਤ ਸਾਜ਼ ਵਜਾਉਣ ‘ਤੇ ਵੀ ਰੋਕ ਲਗਾਈ ਗਈ ਹੈ, ਸਿਵਾਏ ਐਮਰਜੈਂਸੀ ਹਾਲਾਤਾਂ ਦੇ।
ਨਿੱਜੀ ਸਾਊਂਡ ਸਿਸਟਮਾਂ ਲਈ ਵੀ ਆਵਾਜ਼ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ (shall not exceed by more than 5dB (A)) ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਰਾਤ ਸਮੇਂ ਹਾਰਨ ਵਜਾਉਣ ‘ਤੇ ਪਾਬੰਦੀ ਰਹੇਗੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਹ ਨਿਯਮ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹੋਏ ਬੋਰਡ ਲਗਾਉਣ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸਾਊਂਡ ਉਪਕਰਣ ਜ਼ਬਤ ਕੀਤੇ ਜਾਣਗੇ।
ਇਹ ਹੁਕਮ ਜਾਰੀ ਮਿਤੀ ਤੋਂ ਦੋ ਮਹੀਨੇ ਲਈ ਲਾਗੂ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਸ਼ੋਰ ਪ੍ਰਦੂਸ਼ਣ ਘਟਾਉਣ ਵਿੱਚ ਆਪਣਾ ਯੋਗਦਾਨ ਪਾਉਣ।












