Chandigarh ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ‘ਤੇ ਸਖ਼ਤੀ, ਮੈਨੂਅਲ ਚਲਾਨ ਫਿਰ ਤੋਂ ਸ਼ੁਰੂ

13
Chandigarh 21 Feb 2026 AJ DI Awaaj

Chandigarh Desk :  ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਦੁਬਾਰਾ ਕੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ, ਨੰਬਰ ਪਲੇਟ ਨਾਲ ਛੇੜਛਾੜ ਕਰਨ ਅਤੇ ਰਾਂਗ ਸਾਈਡ ਵਾਹਨ ਚਲਾਉਣ ਵਾਲਿਆਂ ਨੂੰ ਹੁਣ ਕੈਮਰਿਆਂ ਦੇ ਨਾਲ-ਨਾਲ ਮੌਕੇ ‘ਤੇ ਦਸਤੀ ਚਲਾਨ ਵੀ ਕੱਟੇ ਜਾਣਗੇ। ਇਸ ਸਬੰਧੀ ਪੁਲਿਸ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਪਿਛਲੇ ਕੁਝ ਸਮੇਂ ਤੋਂ ਸਿਰਫ ਸੀਸੀਟੀਵੀ ਆਧਾਰਿਤ ਈ-ਚਲਾਨ ਜਾਰੀ ਕੀਤੇ ਜਾ ਰਹੇ ਸਨ ਅਤੇ ਮੈਨੂਅਲ ਚਲਾਨ ਬੰਦ ਸਨ। ਇਸ ਕਾਰਨ ਕਈ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਕੁਝ ਲੋਕਾਂ ਨੇ ਤਾਂ ਕੈਮਰਿਆਂ ਤੋਂ ਬਚਣ ਲਈ ਨੰਬਰ ਪਲੇਟਾਂ ‘ਤੇ ਟੇਪ ਲਗਾ ਕੇ ਈ-ਚਲਾਨ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ।

ਡੀਜੀਪੀ Sagarpreet Hooda ਨੇ ਸਪਸ਼ਟ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੁਣ ਸਿਰਫ ਸਪੱਸ਼ਟ ਉਲੰਘਣਾ ਦੇ ਮਾਮਲਿਆਂ ਵਿੱਚ ਹੀ ਦਸਤੀ ਚਲਾਨ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਨਿਯਮਾਂ ਦੀ ਪਾਲਣਾ ਕਰਨ ਵਾਲੇ ਡਰਾਈਵਰਾਂ ਨੂੰ ਬਿਨਾਂ ਕਾਰਨ ਰੋਕ ਕੇ ਪਰੇਸ਼ਾਨ ਨਾ ਕੀਤਾ ਜਾਵੇ।

ਸ਼ਹਿਰ ਵਾਸੀਆਂ ਵੱਲੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਕਈ ਵਾਰ ਐਂਟਰੀ ਪੁਆਇੰਟਾਂ ‘ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਬਿਨਾਂ ਵਜ੍ਹਾ ਰੋਕਣ ਦੇ ਮਾਮਲੇ ਸਾਹਮਣੇ ਆਏ ਸਨ।

ਹੁਣ ਟ੍ਰੈਫਿਕ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼ਰਾਬ ਪੀ ਕੇ ਡਰਾਈਵਿੰਗ, ਨੰਬਰ ਪਲੇਟਾਂ ਨਾਲ ਛੇੜਛਾੜ, ਗਲਤ ਪਾਸੇ ਵਾਹਨ ਚਲਾਉਣਾ ਅਤੇ ਸਾਈਕਲ ਟਰੈਕ ‘ਤੇ ਗੱਡੀ ਦੌੜਾਉਣ ਵਰਗੀਆਂ ਵਿਜੁਅਲ ਉਲੰਘਣਾਵਾਂ ‘ਤੇ ਮੌਕੇ ‘ਤੇ ਹੀ ਚਲਾਨ ਕੱਟੇ ਜਾਣਗੇ। ਪੁਲਿਸ ਦਾ ਕਹਿਣਾ ਹੈ ਕਿ ਇਹ ਕਦਮ ਨਿਯਮ ਤੋੜਨ ਵਾਲਿਆਂ ‘ਤੇ ਨਕੇਲ ਪਾਉਣ ਲਈ ਹੈ, ਜਦਕਿ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਆਏਗੀ।