ਬਰਨਾਲਾ, ਅੱਜ ਦੀ ਆਵਾਜ਼ | 10 ਅਪ੍ਰੈਲ 2025
ਖੇਡ ਵਿਭਾਗ ਪੰਜਾਬ ਵੱਲੋਂ ਸਾਲ 2025-26 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਦਫਤਰ ਜ਼ਿਲ੍ਹਾ ਖੇਡ ਵਿਭਾਗ ਬਰਨਾਲਾ ਵੱਲੋਂ ਦੋ ਦਿਨਾ ਚੋਣ ਟਰਾਇਲ ਮਿਤੀ 08-04-2025 ਅਤੇ ਮਿਤੀ 09-04-2025 ਨੂੰ ਲਏ ਗਏ।
ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਗੇਮਾਂ ਅਥਲੈਟਿਕ, ਕਿੱਕ ਬਾਕਸਿੰਗ, ਫੁੱਟਬਾਲ, ਵੇਟ ਲਿਫਟਿੰਗ, ਕੁਸ਼ਤੀ ਅਤੇ ਕਬੱਡੀ ਦੇ ਟਰਾਇਲ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਲਏ ਗਏ। ਵਾਲੀਬਾਲ ਗੇਮ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਅਤੇ ਟੇਬਲ-ਟੈਨਿਸ , ਬੈਡਮਿੰਟਨ ਦੇ ਚੋਣ ਟਰਾਇਲ ਐਲ.ਬੀ.ਐਸ ਕਾਲਜ ਬਰਨਾਲਾ ਵਿਖੇ ਹੋਏ। ਨਿਸ਼ਚਿਤ ਸ਼ੈਡਿਊਲ ਅਨੁਸਾਰ 08-04-2025 ਨੂੰ ਲੜਕੀਆਂ ਦੇ ਟਰਾਇਲ ਲਏ ਗਏ ਅਤੇ 9-04-2025 ਨੂੰ ਲੜਕਿਆਂ ਦੇ ਟਰਾਇਲ ਲਏ ਗਏ।
ਉਨ੍ਹਾਂ ਦੱਸਿਆ ਕਿ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ ਗੇਮ ਵਿੱਚ ਪਹਿਲੇ ਦਿਨ 49 ਲੜਕੀਆਂ ਅਤੇ ਦੂਜੇ ਦਿਨ 7 ਮੁੰਡਿਆਂ ਨੇ ਭਾਗ ਲਿਆ। ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਅਥਲੈਟਿਕ ਗੇਮ ਵਿੱਚ 35 ਕੁੜੀਆਂ ਨੇ ਭਾਗ ਲਿਆ, ਕਿੱਕ ਬਾਕਸਿੰਗ ਗੇਮ ਲਈ 12 ਖਿਡਾਰੀਆਂ ਨੇ ਭਾਗ ਲਿਆ, ਵੇਟ ਲਿਫਟਿੰਗ ਵਿੱਚ ਪਹਿਲੇ ਦਿਨ ਕੁੱਲ 12 ਖਿਡਾਰੀਆਂ ਅਤੇ ਦੂਜੇ ਦਿਨ ਕੁੱਲ 8 ਖਿਡਾਰੀਆਂ ਨੇ ਭਾਗ ਲਿਆ। ਫੁੱਟਬਾਲ ਗੇਮ ਵਿੱਚ ਪਹਿਲੇ ਦਿਨ 20 ਕੁੜੀਆਂ ਅਤੇ 18 ਮੰਡਿਆਂ ਨੇ ਭਾਗ ਲਿਆ ਅਤੇ ਦੂਜੇ ਦਿਨ 28 ਮੁੰਡਿਆਂ ਨੇ ਭਾਗ ਲਿਆ। ਕਬੱਡੀ ਗੇਮ ਵਿੱਚ ਪਹਿਲੇ ਦਿਨ 6 ਕੁੜੀਆਂ ਨੇ ਭਾਗ ਲਿਆ ਅਤੇ ਦੂਜੇ ਦਿਨ ਦੇ ਟਰਾਇਲ ਅਜੇ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਐਲ.ਬੀ.ਐਸ ਕਾਲਜ ਵਿਖੇ ਚੱਲ ਰਹੇ ਟੇਬਲ ਟੈਨਿਸ ਗੇਮ ਲਈ ਪਹਿਲੇ ਦਿਨ 23 ਖਿਡਾਰੀਆਂ ਅਤੇ ਦੂਜੇ ਦਿਨ 4 ਖਿਡਾਰੀਆਂ ਨੇ ਭਾਗ ਲਿਆ ਅਤੇ ਬੈਡਮਿੰਟਨ ਗੇਮ ਲਈ ਪਹਿਲੇ ਦਿਨ 11 ਕੁੜੀਆਂ ਅਤੇ ਦੂਜੇ ਦਿਨ 13 ਮੁੰਡਿਆਂ ਨੇ ਭਾਗ ਲਿਆ।
