ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਵਿਸ਼ੇਸ਼ ਟੀਕਾਕਰਨ ਕੈਂਪ

85

ਕੀਰਤਪੁਰ ਸਾਹਿਬ 15 ਦਸੰਬਰ 2025 AJ DI Awaaj

Punjab Desk : ਸਿਵਲ ਸਰਜਨ ਰੂਪਨਗਰ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਨਵਰੂਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਕੀਰਤਪੁਰ ਸਾਹਿਬ ਦੇ ਝੁੱਗੀ ਝੌਂਪੜੀਆਂ ਵਾਲੇ ਇਲਾਕਿਆਂ ਵਿਚ ਜਾ ਕੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਗਰਭਵਤੀ ਔਰਤਾਂ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਲਗਾਏ ਜਾ ਰਹੇ ਇਹ ਕੈਂਪ 22 ਦਸੰਬਰ ਤੱਕ ਜਾਰੀ ਰਹਿਣਗੇ।
ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਬਲਾਕ ਕੀਰਤਪੁਰ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿਚ ਖਸਰਾ ਅਤੇ ਰੁਬੈਲਾ ਸਮੇਤ 11 ਮਾਰੂ ਬਿਮਾਰੀਆਂ ਤੋਂ ਬਚਾਓ ਅਤੇ ਉਹਨਾਂ ਦੇ ਖ਼ਾਤਮੇ ਲਈ ਦੂਰ-ਦੁਰਾਡੇ ਦੇ ਇਲਾਕਿਆਂ, ਭੱਠਿਆਂ, ਝੁੱਗੀਆਂ ਝੋਪੜੀਆਂ, ਰੇਲਵੇ ਸਟੇਸ਼ਨ, ਸਕੂਲਾਂ ਅਤੇ ਗੁਰਦੁਆਰਿਆਂ ਵਿੱਚ ਕੁੱਲ 8 ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਅੱਜ ਲੋਹੰਖੱਡ ਅਤੇ ਲੋਧੀਪੁਰ ਵਿਖੇ ਲੱਗੇ ਦੋ ਟੀਕਾਕਰਨ ਕੈਂਪਾਂ ਵਿੱਚ ਤਿੰਨ ਗਰਭਵਤੀ ਔਰਤਾਂ ਅਤੇ ਨੌ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ 16 ਦਸੰਬਰ ਨੂੰ ਅਗੰਮਪੁਰ, 18 ਨੂੰ ਸ਼ਿਵਾਲਿਕ ਐਵੀਨਿਊ, ਨੰਗਲ, 19 ਨੂੰ ਗਰਾ ਘਨਾਰੂ, 20 ਨੂੰ ਲਕਸ਼ਮੀ ਨਾਰਾਇਣ ਭੱਠਾ ਸੱਧੇਵਾਲ ਅਤੇ ਦਾਣਾ ਮੰਡੀ ਕੀਰਤਪੁਰ ਸਾਹਿਬ, 22 ਦਸੰਬਰ ਨੂੰ ਗੁੱਗਾ ਮਾੜੀ ਮੰਦਿਰ ਅੱਡਾ ਮਾਰਕਿਟ, ਨੰਗਲ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾਵੇਗਾ। ਉਹਨਾਂ ਆਮ ਜਨਤਾ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਗਰਭਵਤੀ ਔਰਤ ਜਾਂ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਹਫ਼ਤਾਭਰ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਮਕਸਦ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨਾ, ਵੈਕਸੀਨ ਨਾਲ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਅਤੇ ਟੀਕਾਕਰਨ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਬਲਾਕ ਐੱਲ.ਐੱਚ.ਵੀ ਜਗਮੋਹਨ ਕੌਰ ਨੇ ਦੱਸਿਆ ਕਿ ਲੋਹੰਖਡ ਵਿਖੇ ਲੱਗੇ ਕੈਂਪ ਵਿਚ ਸੀ.ਐੱਚ.ਓ ਪੂਨਮ, ਏ.ਐੱਨ.ਐੱਮ ਕੁਲਵਿੰਦਰ ਕੌਰ ਅਤੇ ਲੋਧੀਪੁਰ ਵਿਖੇ ਲੱਗੇ ਕੈਂਪ ਵਿਚ ਐੱਲ.ਐੱਚ.ਵੀ ਕੁਲਵਿੰਦਰ ਕੌਰ, ਏ.ਐੱਨ.ਐੱਮ ਰਜਨੀ ਅਤੇ ਜਸਵੀਰ ਕੌਰ, ਮਲਟੀਪਰਪਜ਼ ਹੈਲਥ ਵਰਕਰ ਨਰੇਸ਼ ਕੁਮਾਰ ਤੋਂ ਇਲਾਵਾ ਆਸ਼ਾ ਵਰਕਰ ਮੌਜੂਦ ਸਨ।