ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਸਿਹਤ ਮੁਹਿੰਮ ਸ਼ੁਰੂ

18

ਡੇਰਾ ਬਾਬਾ ਨਾਨਕ/ਗੁਰਦਾਸਪੁਰ, 16 ਸਤੰਬਰ 2025 AJ DI Awaaj

Punjab Desk : ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਮੁਹਿੰਮ ਨੂੰ ਤਿੰਨ ਮੁੱਖ ਹਿੱਸਿਆਂ ‘ਚ ਵੰਡਿਆ ਹੈ, ਜਿਸ ਵਿੱਚ ਪਹਿਲਾ ਅਭਿਆਸ ਸਿਹਤ ਅਤੇ ਮੈਡੀਕਲ ਕੈਂਪ ਹੈ ਜਿਸ ਤਹਿਤ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰੋਜ਼ਾਨਾ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਆਮ ਆਦਮੀ ਕਲੀਨਿਕਾਂ ਵਰਗੀਆਂ ਮੌਜੂਦਾ ਸਿਹਤ ਸਹੂਲਤਾਂ ਵਾਲੇ ਪਿੰਡਾਂ ਵਿੱਚ  ਇਹ ਕੈਂਪ ਰੋਜ਼ਾਨਾ ਇਨ੍ਹਾਂ ਕੇਂਦਰਾਂ ਵਿੱਚ ਲਗਾਏ ਜਾਣਗੇ। ਬਾਕੀ ਪਿੰਡਾਂ ਵਿੱਚ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਵਰਗੀਆਂ ਜਨਤਕ ਥਾਵਾਂ ‘ਤੇ ਘੱਟੋ-ਘੱਟ ਤਿੰਨ ਦਿਨਾਂ ਲਈ ਇਹ ਕੈਂਪ ਲਗਾਏ ਜਾਣਗੇ, ਜਿਨ੍ਹਾਂ ਨੂੰ ਲੋੜ ਅਨੁਸਾਰ ਵਧਾਇਆ ਜਾ ਸਕਦਾ ਹੈ।

ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੂਜਾ ਅਭਿਆਸ ਆਸਾ ਵਰਕਰਾਂ ਵੱਲੋਂ ਘਰ-ਘਰ ਦਾ ਦੌਰਾ ਹੈ, ਜਿਸ ਤਹਿਤ ਆਸਾ ਵਰਕਰਾਂ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਹਫ਼ਤਾਵਾਰੀ ਆਧਾਰ ‘ਤੇ ਘਰ-ਘਰ ਜਾ ਕੇ ਮੱਛਰ ਤੋਂ ਬਚਾਅ ਵਾਲੀ ਦਵਾਈ, ਓਆਰਐਸ, ਪੈਰਾਸੀਟਾਮੋਲ, ਕਲੋਰੀਨ ਦੀਆਂ ਗੋਲੀਆਂ, ਸਾਬਣ ਅਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਸਿਹਤ ਕਿੱਟਾਂ ਵੰਡਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਬਿਮਾਰੀਆਂ ਦੀ ਜਾਂਚ ਦੇ ਨਾਲ-ਨਾਲ ਰੋਕਥਾਮ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕੀਤਾ ਜਾਵੇਗੀ।

ਉਨ੍ਹਾਂ ਦੱਸਿਆ ਕਿ ਤੀਜੇ ਅਭਿਆਸ ਵਿੱਚ ਸਾਰੇ ਪ੍ਰਭਾਵਿਤ ਪਿੰਡਾਂ ‘ਚ ਅਗਲੇ 21 ਦਿਨਾਂ ਲਈ ਰੋਜ਼ਾਨਾ ਆਧਾਰ ‘ਤੇ ਫਿਊਮੀਗੇਸਨ ਅਤੇ ਵੈਕਟਰ-ਕੰਟਰੋਲ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਟੀਮਾਂ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਫੈਲਾਅ ਨੂੰ ਰੋਕਣ ਲਈ ਘਰਾਂ, ਸਕੂਲਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ‘ਤੇ ਅੰਦਰ ਅਤੇ ਬਾਹਰ ਫੌਗਿੰਗ, ਲਾਰਵੀਸਾਈਡਲ ਸਪਰੇਅ ਅਤੇ ਪ੍ਰਜਨਨ ਜਾਂਚ ਵਰਗੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਤਹਿਤ ਸਿਹਤ ਸੇਵਾਵਾਂ ਦੀ ਮਜ਼ਬੂਤੀ ਅਤੇ ਮਰੀਜ਼ਾਂ ਦੀ ਪਹੁੰਚ ਲਈ ਸਿਹਤ ਵਿਭਾਗ ਵੱਲੋਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਇਹ ਵਿਸ਼ੇਸ਼ ਮੁਹਿੰਮ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਪਿੰਡਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਵੈਕਟਰ-ਬੋਰਨ, ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਛੂਤ ਦੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣਾ ਹੈ।