ਲੇਬਰ ਕਾਰਡ ਬਣਾਉਣ ਲਈ ਲਗਾਇਆ ਵਿਸ਼ੇਸ਼ ਕੈਂਪ

23

ਧੂਰੀ, 23 ਅਕਤੂਬਰ 2025 AJ DI Awaaj

Punjab Desk : ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਲਈ ਅਸਰਦਾਰ, ਪਾਰਦਰਸ਼ੀ ਅਤੇ ਪਹੁੰਚਯੋਗ ਸ਼ਾਸਨ ਯਕੀਨੀ ਬਣਾਉਣ ਲਈ ਬਣਾਏ ਗਏ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਦਾ ਸਥਾਨਕ ਲੋਕਾਂ ਨੂੰ ਵੱਡਾ ਲਾਭ ਹੋ ਰਿਹਾ ਹੈ। ਅੱਜ ਇੱਥੇ ਵਿਸ਼ੇਸ਼ ਤੌਰ ’ਤੇ ਲੇਬਰ ਵਰਕਰਾਂ ਲਈ ਲੇਬਰ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ, ਜਿਸ ਦਾ ਵੱਡੀ ਗਿਣਤੀ ਲੋਕਾਂ ਵੱਲੋਂ ਲਾਭ ਉਠਾਇਆ ਗਿਆ।

ਆਪਣੇ ਲੇਬਰ ਕਾਰਡ ਦਾ ਫਾਰਮ ਭਰਵਾਉਣ ਆਏ ਲੇਬਰ ਵਰਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਾਰਮ ਭਰਨ ਲਈ ਸ਼ੁਰੂ ਕੀਤੀ ਗਈ ਸੇਵਾ ਦਾ ਘੱਟ ਪੜ੍ਹੇ ਲਿਖੇ ਤੇ ਅਨਪੜ੍ਹ ਵਿਅਕਤੀਆਂ ਸਮੇਤ ਕੰਪਿਊਟਰ ਆਦਿ ਦਾ ਗਿਆਨ ਨਾ ਰੱਖਣ ਵਾਲਿਆਂ ਨੂੰ ਵੱਡਾ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਵਿੱਚ ਕੋਈ ਵੀ ਸਰਕਾਰੀ ਸੇਵਾ ਪ੍ਰਾਪਤ ਕਰਨ ਦਾ ਫਾਰਮ ਮਾਹਰਾਂ ਵੱਲੋਂ ਭਰ ਕੇ ਦੇ ਦਿੱਤਾ ਜਾਂਦਾ ਹੈ, ਜਿਸ ਸਦਕਾ ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖ਼ੁਆਰੀ ਖ਼ਤਮ ਹੋ ਜਾਂਦੀ ਹੈ।

ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਮਈ ਮਹੀਨੇ ਵਿੱਚ ਇਹ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸ ਦਾ ਰੋਜ਼ਾਨਾ ਵੱਡੀ ਗਿਣਤੀ ਲੋਕ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚ ਛੇ ਕਾਊਂਟਰ ਅਤੇ ਇੱਕ ਰਿਸੈੱਪਸ਼ਨ ਡੈਸਕ ਹਨ। ਉਨ੍ਹਾਂ ਦੱਸਿਆ ਕਿ ਇੱਥੇ ਸਿਹਤ, ਮਾਲ, ਸਮਾਜਿਕ ਸੁਰੱਖਿਆ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਦਫ਼ਤਰੀ ਸਮੇਂ ਦੌਰਾਨ ਤਾਇਨਾਤ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਪੈਨਸ਼ਨ ਸਕੀਮਾਂ, ਆਯੁਸ਼ਮਾਨ ਭਾਰਤ ਯੋਜਨਾ, ਅਸ਼ੀਰਵਾਦ ਯੋਜਨਾ, ਲੇਬਰ ਕਾਰਡ, ਆਧਾਰ ਕਾਰਡ ਅੱਪਡੇਟ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਲਈ ਫਾਰਮ ਭਰਨ ਪ੍ਰਕਿਰਿਆ ਇਸ ਕੇਂਦਰ ਵਿੱਚ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਸਾਂਝ ਕੇਂਦਰਾਂ ਰਾਹੀਂ ਪਾਸਪੋਰਟ ਜਾਰੀ ਕਰਨ, ਚਰਿੱਤਰ ਸਰਟੀਫਿਕੇਟ, ਐਫ.ਆਈ.ਆਰ., ਡੀ.ਡੀ.ਆਰ. ਦੀਆਂ ਕਾਪੀਆਂ ਅਤੇ ਲਾਊਡਸਪੀਕਰਾਂ ਅਤੇ ਸਮਾਗਮਾਂ ਲਈ ਐਨ.ਓ.ਸੀ. ਵਰਗੀਆਂ ਸੇਵਾਵਾਂ ਨਾਲ ਸਬੰਧਤ ਦਸਤਾਵੇਜ਼ ਤਿਆਰ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।