ਦੁੱਧ ਵਿੱਚ ਮਿਲਾਵਟ ਰੋਕਣ ਲਈ ਸਪੀਕਰ ਦੀ ਮੀਟਿੰਗ

18

ਫਰੀਦਕੋਟ 29 ਜਨਵਰੀ 2026 AJ DI Awaaj

Punjab Desk :  ਜਿਲ੍ਹੇ ਵਿੱਚ ਖਾਸਕਰ ਕੋਟਕਪੂਰਾ ਹਲਕੇ ਵਿੱਚ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਅਤੇ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਮੰਤਵ ਨਾਲ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜਿਲ੍ਹਾ ਅਧਿਕਾਰੀਆਂ, ਹਲਵਾਈ ਯੂਨੀਅਨ, ਡੇਅਰੀ ਮਾਲਕਾਂ, ਕਰਿਆਨਾ ਯੂਨੀਅਨ ਤੇ ਐਨ.ਜੀ.ਓ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਮੀਟਿੰਗ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੁੱਧ ਜੋ ਕਿ ਰੋਜਾਨਾ ਵਰਤੋਂ ਵਿੱਚ ਆਉਂਦਾ ਹੈ, ਵਿੱਚ ਵੱਧ ਰਹੀ ਮਿਲਾਵਟਖੋਰੀ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਹਰ ਕੀਮਤ ਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਿਲਾਵਟ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਿਲਾਵਟਖੋਰਾਂ ਨੂੰ ਸਖਤ ਕਾਨੂੰਨੀ ਸਜ਼ਾ ਦਿੱਤੀ ਜਾਵੇ, ਪਰ ਇਸ ਦੇ ਨਾਲ ਨਾਲ ਹਰ ਨਾਗਰਿਕ ਨੂੰ ਮਿਲਾਵਟਖੋਰੀ ਵਿਰੁੱਧ ਜਾਗੂਰਕ ਕਰਨਾ ਵੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਵੱਧ ਰਹੀ ਮਿਲਾਵਟਖੋਰੀ ਸਬੰਧੀ ਸ਼ੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਵੱਧ ਤੋਂ ਵੱਧ ਜਾਗੂਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ ਜੋ ਦੁਕਾਨਦਾਰਾਂ, ਹਲਵਾਈਆਂ ਨੂੰ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜਾਂ ਪ੍ਰਤੀ ਜਾਗੂਰਕ ਕਰਨ। ਇਸ ਦੇ ਨਾਲ ਹੀ ਸਿੱਖਿਆ ਸੰਸਥਾਵਾਂ ਦੇ ਬਾਹਰ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਜਾਵੇ ਅਤੇ ਸਾਰੇ ਜਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸਵੇਰੇ ਦੀਆਂ ਪ੍ਰਥਾਨਾ ਸਭਾਵਾਂ ਵਿੱਚ ਦੁੱਧ ਦੀ ਮਿਲਾਵਟਖੋਰੀ ਬਾਰੇ ਜਾਗੂਰਕ ਕੀਤਾ ਜਾਵੇ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਦੁੱਧ ਦੀ ਸਪਲਾਈ ਚੇਨ ਤੇ ਪੂਰੀ ਨਿਗਰਾਨੀ ਰੱਖੀ ਜਾਵੇ ਅਤੇ ਵਿਕਰੀ ਸਥਾਨਾਂ ਤੇ ਅਚਨਚੇਤੀ ਚੈਕਿੰਗਾਂ ਵਧਾਈਆਂ ਜਾਣ ਅਤੇ ਦੁੱਧ ਦੀ ਜਾਂਚ ਦੇ ਤੇ ਕੈਂਪ ਜਾਰੀ ਰੱਖੇ ਜਾਣ।

ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾ ਜਾਰੀ ਹਦਾਇਤਾਂ ਅਨੁਸਾਰ ਮਿਲਾਵਟਖੋਰੀ ਨੂੰ ਰੋਕਣ ਲਈ ਟੋਲ ਫ੍ਰੀ ਨੰਬਰ ਜਾਰੀ ਕੀਤਾ ਜਾਵੇਗਾ। ਜਿਸ ਤੇ ਜਿਲ੍ਹੇ ਦਾ ਕੋਈ ਵੀ ਵਿਅਕਤੀ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜਾਂ ਵਿੱਚ ਮਿਲਾਵਖੋਰੀ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਦਾ ਸਹਿਯੋਗ ਲੈ ਕੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਸਬ ਡਵੀਜਨ ਪੱਧਰ ਤੇ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇਗਾ।

ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਐਸ.ਡੀ.ਐਮ. ਕੋਟਕਪੂਰਾ ਸ੍ਰੀ ਸੂਰਜ ਕੁਮਾਰ, ਜੀ.ਏ ਫਰੀਦਕੋਟ ਸ. ਗੁਰਕਿਰਨਦੀਪ ਸਿੰਘ, ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਸ. ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੀਲਮ ਰਾਣੀ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜਨਾ ਕੌਂਸਲ, ਡਿਪਟੀ ਡਾਇਰੈਕਟਰ ਡੇਅਰੀ ਸ. ਨਿਰਵੈਰ ਸਿੰਘ, ਐਸ.ਐਮ.ਓ ਫਰੀਦਕੋਟ ਡਾ. ਪਰਮਜੀਤ ਸਿੰਘ ਬਰਾੜ, ਐਸ.ਐਮ.ਓ ਕੋਟਕਪੂਰਾ ਡਾ. ਹਰਿੰਦਰ ਗਾਂਧੀ, ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ, ਸ. ਸੁਖਜੀਤ ਸਿੰਘ ਢਿੱਲਵਾਂ, ਸ੍ਰੀ ਸਾਧੂ ਰਾਮ ਕੁਸਲਾ ਓ.ਐਸ.ਡੀ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ, ਸ. ਸਿਵਜੀਤ ਸਿੰਘ, ਐਮ.ਸੀ. ਸ. ਸਿਮਰਨਜੀਤ ਸਿੰਘ, ਸ. ਹਰਦੀਪ ਸਿੰਘ, ਸ. ਅਮਨਦੀਪ ਸਿੰਘ, ਤੋਂ ਇਲਾਵਾ ਹਲਵਾਈ ਯੂਨੀਅਨ, ਦੋਧੀ ਯੂਨੀਅਰਨ, ਕਰਿਆਨਾ ਯੂਨੀਅਨ ਦੇ ਨੁੰਮਾਇਦੇ ਅਤੇ ਡੇਅਰੀ ਮਾਲਕ ਹਾਜ਼ਰ ਸਨ।