ਤਨਖਾਹ ਨਾ ਮਿਲਣ ਕਾਰਨ ਸਫਾਈ ਕਰਮਚਾਰੀਆਂ ਦਾ ਪ੍ਰਦਰਸ਼ਨ, ਸਰਕਾਰ ਖ਼ਿਲਾਫ ਨਾਅਰੇਬਾਜ਼ੀ
ਸੋਨੀਪਤ ਦੇ ਗੋਹਾਨਾ ਰੋਡ ‘ਤੇ ਤਿਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਸਫਾਈ ਕਰਮਚਾਰੀਆਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਜ਼ਿਲ੍ਹਾ ਕੌਂਸਲਰ ਸੰਜੇ ਬਰਵਾਹਾਨੀਆ ਦੀ ਅਗਵਾਈ ਹੇਠ ਹੋਇਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ ਨਾਅਰੇ ਲਾਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੜੀ ਹੋਏ। ਕਰਮਚਾਰੀਆਂ ਨੇ ਦੱਸਿਆ ਕਿ ਤਨਖਾਹ ਨਾ ਮਿਲਣ ਕਾਰਨ ਉਹਨਾਂ ਦੇ ਪਰਿਵਾਰ ਭਾਰੀ ਸੰਗਰਸ਼ ਦਾ ਸਾਹਮਣਾ ਕਰ ਰਹੇ ਹਨ। ਬੱਚਿਆਂ ਦੀ ਪੜਾਈ ਤੋਂ ਲੈ ਕੇ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਤਕ ਪੂਰੀਆਂ ਕਰਨਾ ਮੁਸ਼ਕਲ ਹੋ ਗਿਆ ਹੈ। ਠੇਕੇਦਾਰਾਂ ਵੱਲੋਂ ਸ਼ੋਸ਼ਣ ਹੋ ਰਿਹਾ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਜ਼ਿਲ੍ਹਾ ਕੌਂਸਲਰ ਸੰਜੇ ਬਰਵਾਹਾਨੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਨਿਯਮਤ ਕਰਨ ਦੇ ਵਾਅਦੇ ਕੀਤੇ ਸਨ, ਪਰ ਹੁਣ ਉਹ ਪਿੱਛੇ ਹਟ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਕੁਸ਼ਲ ਰੋਜ਼ਗਾਰ ਨਿਗਮ ਦੇ ਅਧੀਨ ਕੰਮ ਕਰ ਰਹੇ ਬਹੁਤ ਕਰਮਚਾਰੀ ਹਟਾਏ ਜਾ ਰਹੇ ਹਨ, ਜਿਸ ਨਾਲ ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਦੀ ਉਮੀਦਾਂ ਤੇ ਪਾਣੀ ਫਿਰ ਰਿਹਾ ਹੈ। ਕਰਮਚਾਰੀਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰਕੇ ਸਾਰਿਆਂ ਨੂੰ ਨਿਯਮਤ ਕਰਮਚਾਰੀ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲ ਸਕੇ ਅਤੇ ਉਹ ਇਜ਼ਤਦਾਰ ਜੀਵਨ ਜੀ ਸਕਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ, ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਜਸਵੰਤ, ਸੰਦੀਪ, ਪ੍ਰਦੀਪ, ਜੋਗਿੰਦਰ, ਮਹਾਂਵੀਰ, ਰਾਜੇਸ਼ ਸਮੇਤ ਕਈ ਹੋਰ ਕਰਮਚਾਰੀ ਵੀ ਮੌਜੂਦ ਸਨ। ਸਭ ਨੇ ਸਰਕਾਰ ਨੂੰ ਆਪਣੀਆਂ ਮੰਗਾਂ ਤੇ ਤੁਰੰਤ ਕਾਰਵਾਈ ਦੀ ਅਪੀਲ ਕੀਤੀ।
