ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਪਿੰਡ ਪੋਨਾ ਵਿਖੇ

22

Ludhiana 17 Oct 2025 AJ DI Awaaj

Punjab Desk : ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ (ਤਹਿਸੀਲ ਜਗਰਾਓਂ, ਲੁਧਿਆਣਾ) ਵਿਖੇ ਹੋਵੇਗੀ। ਇਹ ਅਰਦਾਸ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ। ਇਸ ਮੌਕੇ ਸੰਗੀਤ ਜਗਤ ਨਾਲ ਜੁੜੇ ਕਈ ਕਲਾਕਾਰ ਅਤੇ ਪ੍ਰਸਿੱਧ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ।

ਦੱਸਣਯੋਗ ਹੈ ਕਿ ਰਾਜਵੀਰ ਜਵੰਦਾ ਦਾ ਦੇਹਾਂਤ 8 ਅਕਤੂਬਰ 2025 ਨੂੰ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਹੋ ਰਹੀ ਹੈ।

ਜਵੰਦਾ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋਈ ਸੀ। 27 ਸਤੰਬਰ ਨੂੰ ਉਹ ਆਪਣੇ ਦੋਸਤਾਂ ਨਾਲ ਬਾਈਕ ‘ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ, ਜਦੋਂ ਪਿੰਜੌਰ ਦੇ ਨੇੜੇ ਉਨ੍ਹਾਂ ਦੀ ਬਾਈਕ ਦੇ ਅੱਗੇ ਅਚਾਨਕ ਇੱਕ ਆਵਾਰਾ ਪਸ਼ੂ ਆ ਗਿਆ। ਉਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਬਾਈਕ ਦੀ ਟੱਕਰ ਇੱਕ ਬੋਲੈਰੋ ਗੱਡੀ ਨਾਲ ਹੋ ਗਈ।

ਸੇਫਟੀ ਗੀਅਰ ਪਹਿਨਣ ਦੇ ਬਾਵਜੂਦ ਰਾਜਵੀਰ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਦੂਜੇ ਹਸਪਤਾਲ ‘ਚ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ। ਫੋਰਟਿਸ ਹਸਪਤਾਲ ਵਿੱਚ 11 ਦਿਨ ਇਲਾਜ ਚੱਲਣ ਤੋਂ ਬਾਅਦ, 12ਵੇਂ ਦਿਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਪੰਜਾਬੀ ਸੰਗੀਤ ਜਗਤ ਵਿੱਚ ਰਾਜਵੀਰ ਜਵੰਦਾ ਆਪਣੇ ਸੁਰਾਂ ਅਤੇ ਸਾਦਗੀ ਭਰੇ ਸੁਭਾਵ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਚਾਹੁਣ ਵਾਲੇ ਅੱਜ ਉਨ੍ਹਾਂ ਨੂੰ ਅੱਖਾਂ ‘ਚ ਨਮੀ ਅਤੇ ਦਿਲ ‘ਚ ਪਿਆਰ ਨਾਲ ਯਾਦ ਕਰ ਰਹੇ ਹਨ।