Silver Price Crashes: ਕੀ ਚਾਂਦੀ 60% ਤੱਕ ਡਿੱਗ ਸਕਦੀ ਹੈ? ਮਾਹਿਰਾਂ ਦੀ ਚੇਤਾਵਨੀ

10

03 ਜਨਵਰੀ, 2026 ਅਜ ਦੀ ਆਵਾਜ਼

Business Desk: ਚਾਂਦੀ ਦੀਆਂ ਕੀਮਤਾਂ ਨੇ ਹਾਲੀਆ ਦਿਨਾਂ ਵਿੱਚ ਨਿਵੇਸ਼ਕਾਂ ਦੀ ਨੀਂਦ ਉਡਾ ਦਿੱਤੀ ਹੈ। 2 ਲੱਖ ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਚੁੱਕੀ ਚਾਂਦੀ ਦੀ ਤੇਜ਼ ਚੜ੍ਹਾਈ ਨੇ ਇਹ ਅਟਕਲਾਂ ਵੀ ਜਨਮ ਦਿੱਤੀਆਂ ਕਿ ਆਉਣ ਵਾਲੇ ਸਮੇਂ ਵਿੱਚ ਕੀਮਤਾਂ 3 ਲੱਖ ਰੁਪਏ ਤੱਕ ਪਹੁੰਚ ਸਕਦੀਆਂ ਹਨ। ਪਰ ਪਿਛਲੇ ਇੱਕ ਹਫ਼ਤੇ ਦੌਰਾਨ ਆਈ ਭਾਰੀ ਉਤਾਰ-ਚੜ੍ਹਾਅ ਅਤੇ ਅਚਾਨਕ ਗਿਰਾਵਟ ਨੇ ਬਾਜ਼ਾਰ ਵਿੱਚ ਡਰ ਦਾ ਮਾਹੌਲ ਬਣਾਇਆ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਚਾਂਦੀ ਵਿੱਚ ਅਜੇ ਹੋਰ ਵੱਡੀ ਗਿਰਾਵਟ ਆ ਸਕਦੀ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਮਵਾਰ ਨੂੰ COMEX ਚਾਂਦੀ $82.670 ਪ੍ਰਤੀ ਔਂਸ ਦੇ ਰਿਕਾਰਡ ਸਿਖਰ ’ਤੇ ਪਹੁੰਚੀ ਸੀ, ਪਰ ਕੁਝ ਹੀ ਦਿਨਾਂ ਵਿੱਚ ਇਹ $71.300 ਪ੍ਰਤੀ ਔਂਸ ’ਤੇ ਆ ਗਿਰੀ। ਇਹ ਲਗਭਗ $11.37 ਪ੍ਰਤੀ ਔਂਸ ਜਾਂ 13.75% ਦੀ ਤੇਜ਼ ਗਿਰਾਵਟ ਹੈ। ਸਾਲ 2025 ਦੌਰਾਨ ਮੰਗ ਵਧਣ ਅਤੇ ਸਪਲਾਈ ਦੀ ਕਮੀ ਕਾਰਨ ਚਾਂਦੀ ਕਰੀਬ 180% ਤੱਕ ਚੜ੍ਹ ਚੁੱਕੀ ਸੀ। ਸੈਮਸੰਗ ਵੱਲੋਂ ਲਿਥੀਅਮ-ਆਇਨ ਬੈਟਰੀ ਤੋਂ ਸਾਲਿਡ-ਸਟੇਟ ਬੈਟਰੀ ਵੱਲ ਜਾਣ ਦੇ ਐਲਾਨ ਨਾਲ ਉਦਯੋਗਿਕ ਮੰਗ ਹੋਰ ਵਧੀ, ਜਿਸ ਨੇ ਕੀਮਤਾਂ ਨੂੰ ਹੋਰ ਚੜ੍ਹਾ ਦਿੱਤਾ।

ਚੀਨ-ਅਮਰੀਕਾ ਤਕਰਾਰ ਦਾ ਅਸਰ

ਮਾਹਿਰਾਂ ਅਨੁਸਾਰ, ਚਾਂਦੀ ਦੀਆਂ ਕੀਮਤਾਂ ਦੇ ਉਤਾਰ-ਚੜ੍ਹਾਅ ਪਿੱਛੇ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਆਰਥਿਕ ਤਕਰਾਰ ਵੀ ਵੱਡਾ ਕਾਰਨ ਹੈ। ਅਮਰੀਕਾ ਨਹੀਂ ਚਾਹੁੰਦਾ ਕਿ ਧਾਤਾਂ ਦੀਆਂ ਕੀਮਤਾਂ ਬੇਹੱਦ ਵਧਣ, ਜਦਕਿ ਚੀਨ ਮੈਟਲ ਬੇਸਡ ਆਰਥਿਕਤਾ ਨੂੰ ਤਰਜੀਹ ਦੇ ਕੇ ਡਾਲਰ ਦੀ ਤਾਕਤ ਘਟਾਉਣਾ ਚਾਹੁੰਦਾ ਹੈ। ਇਸ ਟਕਰਾਅ ਨੇ ਬਾਜ਼ਾਰ ਨੂੰ ਹੋਰ ਅਸਥਿਰ ਬਣਾ ਦਿੱਤਾ ਹੈ।

ਇਸ ਤੋਂ ਇਲਾਵਾ, ਪੇਰੂ ਅਤੇ ਚਾਡ ਤੋਂ ਨਿਰਯਾਤ ਵਿੱਚ ਰੁਕਾਵਟਾਂ, ਅਮਰੀਕਾ-ਵੈਨੇਜ਼ੁਏਲਾ ਤਣਾਅ ਅਤੇ 1 ਜਨਵਰੀ 2026 ਤੋਂ ਚੀਨ ਵੱਲੋਂ ਚਾਂਦੀ ਦੇ ਐਕਸਪੋਰਟ ’ਤੇ ਅਸਿੱਧੀ ਰੋਕ ਵਰਗੇ ਕਾਰਕਾਂ ਨੇ ਵੀ ਕੀਮਤਾਂ ’ਤੇ ਅਸਰ ਪਾਇਆ ਹੈ। ਮੁਨਾਫ਼ਾ ਵਸੂਲੀ ਤੋਂ ਬਾਅਦ ਕੁਝ ਹੱਦ ਤੱਕ ਸਹਾਰਾ ਤਾਂ ਮਿਲਿਆ, ਪਰ ਮਾਹਿਰ ਲੰਬੇ ਸਮੇਂ ਦੇ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ।

ਉਦਯੋਗਿਕ ਮੰਗ ’ਤੇ ਖ਼ਤਰਾ

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚਾਂਦੀ ਦੀ ਕੀਮਤ ਹੁਣ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਜੇ ਕੀਮਤਾਂ ਇੰਝ ਹੀ ਉੱਚੀਆਂ ਰਹੀਆਂ, ਤਾਂ ਉਦਯੋਗ ਵਿਕਲਪਿਕ ਧਾਤਾਂ ਵੱਲ ਮੁੜ ਸਕਦੇ ਹਨ। ਫੋਟੋਵੋਲਟਿਕ ਸੈੱਲ ਅਤੇ ਸੋਲਰ ਪੈਨਲ ਖੇਤਰ ਪਹਿਲਾਂ ਹੀ ਚਾਂਦੀ ਦੀ ਥਾਂ ਤਾਂਬੇ ਦੀ ਵਰਤੋਂ ਵਧਾ ਰਹੇ ਹਨ। ਬੈਟਰੀ ਉਦਯੋਗ ਵਿੱਚ ਵੀ ਚਾਂਦੀ ਤੋਂ ਕਾਪਰ ਬਾਈਡਿੰਗ ਤਕਨੀਕ ਵੱਲ ਸ਼ਿਫਟ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਕੀ 60% ਤੱਕ ਆ ਸਕਦੀ ਹੈ ਗਿਰਾਵਟ?

ਮਾਹਿਰਾਂ ਮੁਤਾਬਕ, ਚਾਂਦੀ ਜਾਂ ਤਾਂ ਆਪਣਾ ਸਿਖਰ ਛੂਹ ਚੁੱਕੀ ਹੈ ਜਾਂ ਫਿਰ ਕੁਝ ਸਮੇਂ ਲਈ ਹੋਰ ਚੜ੍ਹ ਸਕਦੀ ਹੈ। ਸੰਭਾਵਨਾ ਹੈ ਕਿ ਫਰਵਰੀ 2026 ਤੱਕ ਇਹ $100 ਪ੍ਰਤੀ ਔਂਸ ਤੱਕ ਪਹੁੰਚੇ, ਪਰ ਇਸ ਤੋਂ ਬਾਅਦ ਵੱਡੀ ਮੰਦੀ ਆ ਸਕਦੀ ਹੈ। ਵਿੱਤੀ ਸਾਲ 2027 ਦੇ ਅੰਤ ਤੱਕ ਚਾਂਦੀ ਵਿੱਚ 60% ਤੱਕ ਦੀ ਭਾਰੀ ਗਿਰਾਵਟ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।

ਐਚਡੀਐਫਸੀ ਸਕਿਓਰਿਟੀਜ਼ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਨਿਵੇਸ਼ਕਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਚਾਂਦੀ ਨੇ ਪਹਿਲਾਂ ਵੀ ਤੇਜ਼ੀ ਤੋਂ ਬਾਅਦ ਭਾਰੀ ਡਿੱਗਾਵਾਂ ਦਿਖਾਈਆਂ ਹਨ। 1980 ਅਤੇ 2011 ਦੀਆਂ ਘਟਨਾਵਾਂ ਇਸ ਦੀ ਸਪਸ਼ਟ ਮਿਸਾਲ ਹਨ। ਉਨ੍ਹਾਂ ਅਨੁਸਾਰ, ਇਸ ਵਾਰ ਵੀ ਨਿਵੇਸ਼ਕਾਂ ਨੂੰ ਸਾਵਧਾਨੀ ਨਾਲ ਫੈਸਲੇ ਕਰਨੇ ਚਾਹੀਦੇ ਹਨ।